ਲਾਕਡਾਊਨ : ਟੇਬਲ ਟੈਨਿਸ ਖਿਡਾਰੀ ਜੀ. ਸਾਥਿਆਨ ਦਾ ਪ੍ਰੈਕਟਿਸ ਪਾਰਟਨਰ ਬਣਿਆ ਰੋਬੋਟ

Saturday, Apr 11, 2020 - 02:18 AM (IST)

ਲਾਕਡਾਊਨ : ਟੇਬਲ ਟੈਨਿਸ ਖਿਡਾਰੀ ਜੀ. ਸਾਥਿਆਨ ਦਾ ਪ੍ਰੈਕਟਿਸ ਪਾਰਟਨਰ ਬਣਿਆ ਰੋਬੋਟ

ਨਵੀਂ ਦਿੱਲੀ - ਕੋਵਿਡ-19 ਮਹਾਮਾਰੀ ਦਾ ਅਸਰ ਖੇਡ ਜਗਤ 'ਤੇ ਵੀ ਪਿਆ ਹੈ ਤੇ ਸਟਾਰ ਖਿਡਾਰੀਆਂ ਤਕ ਦਾ ਪ੍ਰੈਕਟਿਸ ਸ਼ਡਿਊਲ ਗੜਬੜਾ ਗਿਆ ਹੈ। ਅਜਿਹੇ ਵਿਚ ਭਾਰਤ ਦੇ ਨੰਬਰ-1 ਟੇਬਲ ਟੈਨਿਸ ਖਿਡਾਰੀ ਜੀ. ਸਾਥਿਆਨ ਨੇ ਵੱਖਰਾ ਹੀ ਤਰੀਕਾ ਕੱਢਿਆ ਹੈ। ਸੋਸ਼ਲ ਡਿਸਟੈਂਸਿੰਗ  ਕਾਰਣ ਬੋਰਡ 'ਤੇ ਉਸਦਾ ਕੋਈ ਪਾਰਟਨਰ ਤਾਂ ਨਹੀਂ ਹੈ ਪਰ ਇਕ ਰੋਬੋਟ ਨਾਲ ਉਹ ਪ੍ਰੈਕਟਿਸ ਕਰ ਰਿਹਾ ਹੈ।  ਸਾਥਿਆਨ ਚੇਨਈ ਵਿਚ ਆਪਣੇ ਘਰ 'ਚ ਸਵੇਰੇ ਫਿੱਟਨੈੱਸ ਲਈ ਐਕਸਰਸਾਈਜ਼ ਕਰਦਾ ਹੈ ਤੇ ਫਿਰ ਰੋਬੋਟ ਨਾਲ ਪ੍ਰੈਕਟਿਸ ਵਿਚ ਰੁੱਝ ਜਾਂਦਾ ਹੈ। ਇਹ ਰੋਬੋਟ ਬਟਰਫਲਾਈ ਐਮਿਕਸ ਪ੍ਰਾਈਮ ਹੈ, ਜਿਹੜਾ ਟੇਬਲ ਟੈਨਿਸ ਖਿਡਾਰੀਆਂ ਨੂੰ ਟ੍ਰੇਂਡ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਸਾਥਿਆਨ ਨੇ ਕਿਹਾ, ''ਇਹ ਰੋਬੋਟ ਮੈਨੂੰ ਹਰ ਦਿਨ ਸਖਤ ਮਿਹਨਤ ਕਰਵਾਉਂਦਾ ਹੈ ਤੇ ਮੈਂ ਤਕਰੀਬਨ ਡੇਢ ਘੰਟਾ ਇਸ ਨਾਲ ਪ੍ਰੈਕਟਿਸ ਕਰਦਾ ਹਾਂ।'' ਇਹ ਪੋਰਟੇਬਲ ਰੋਬੋਟ ਹੈ, ਜਿਹੜਾ 1 ਮਿੰਟ ਵਿਚ 120 ਵਾਰ ਬਾਲ ਡਲਿਵਰ ਕਰਨ ਦੀ ਸਮਰੱਥਾ ਰੱਖਦਾ ਹੈ। ਇੰਨਾ ਹੀ ਨਹੀਂ, ਇਸ ਵਿਚ ਸ਼ਾਟ ਵੀ ਬਦਲਿਆ ਜਾ ਸਕਦਾ ਹੈ। ਯੂ. ਟੀ. ਟੀ. ਵਿਚ ਦਬੰਗ ਦਿੱਲੀ ਵਲੋਂ ਖੇਡਣ ਵਾਲੇ 27 ਸਾਲਾ ਸਾਥਿਆਨ ਨੇ ਦੱਸਿਆ ਕਿ ਉਸ ਨੇ ਆਪਣੇ ਕੋਚ ਰਮਨ ਦੇ ਕਹਿਣ 'ਤੇ ਇਸਦਾ ਇਸਤੇਮਾਲ ਕੀਤਾ, ਜਿਹੜਾ ਪਿਛਲੇ ਸਾਲ ਨਵੰਬਰ ਵਿਚ ਜਰਮਨੀ ਤੋਂ ਲਿਆ ਗਿਆ ਸੀ। ਕੋਰੋਨਾ ਕਾਰਣ ਟੈਨਿਸ  ਦੀ ਵਰਲਡ ਚੈਂਪੀਅਨਸ਼ਿਪ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਚੈਂਪੀਅਨਸ਼ਿਪ ਮਾਰਚ ਵਿਚ ਹੋਣੀ ਸੀ, ਜਿਹੜੀ ਹੁਣ 27 ਸਤੰਬਰ ਤੋਂ 4 ਅਕਤੂਬਰ ਤਕ ਤੈਅ ਕੀਤੀ ਗਈ ਹੈ।


author

Gurdeep Singh

Content Editor

Related News