IND vs IRE 1st T20 : ਆਇਰਲੈਂਡ ਖਿਲਾਫ਼ ਬੁਮਰਾਹ ਅਤੇ ਭਾਰਤ ਦੀ ਯੁਵਾ ਬ੍ਰਿਗੇਡ 'ਤੇ ਹੋਵੇਗੀ ਨਜ਼ਰ

08/17/2023 7:05:11 PM

ਡਬਲਿਨ-  ਸੱਟ ਕਾਰਨ 11 ਮਹੀਨੇ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹਿਣ ਤੋਂ ਬਾਅਦ ਟੀਮ 'ਚ ਵਾਪਸੀ ਕਰ ਰਹੇ ਜਸਪ੍ਰੀਤ ਬੁਰਮਾਹ ਸ਼ੁੱਕਰਵਾਰ ਨੂੰ ਆਇਰਲੈਂਡ ਖਿਲਾਫ਼ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੇ ਪਹਿਲੇ ਮੈਚ 'ਚ ਸ਼ਾਮ 7.30 ਵਜੇ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਡਬਲਿਨ ਦੇ ਦਿ ਵਿਲੇਜ ਸਟੇਡੀਅਮ 'ਚ ਜਿੱਤ ਦੇ ਇਰਾਦੇ ਨਾਲ ਖੇਡਣ ਉਤਰਨਗੇ।

ਭਾਰਤੀ ਟੀਮ ਵਿੱਚ ਆਈ. ਪੀ. ਐਲ. ਸਟਾਰ ਰੁਤੁਰਾਜ ਗਾਇਕਵਾੜ, ਰਿੰਕੂ ਸਿੰਘ ਅਤੇ ਜਿਤੇਸ਼ ਸ਼ਰਮਾ ਹਨ ਪਰ ਸਭ ਦੀਆਂ ਨਜ਼ਰਾਂ ਬੁਮਰਾਹ 'ਤੇ ਹੋਣਗੀਆਂ। ਇਹ ਤੇਜ਼ ਗੇਂਦਬਾਜ਼ ਦੋ ਮਹੀਨੇ ਬਾਅਦ ਭਾਰਤ ਵਿੱਚ ਸ਼ੁਰੂ ਹੋ ਰਹੇ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਦੀ ਰਣਨੀਤੀ ਦਾ ਅਨਿੱਖੜਵਾਂ ਅੰਗ ਹੈ। 29 ਸਾਲਾ ਬੁਮਰਾਹ ਨੂੰ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ਼ ਦੌਰਾਨ ਕਮਰ 'ਚ ਸਟ੍ਰੈਸ ਫ੍ਰੈਕਚਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਸ ਦੀ ਸਰਜਰੀ ਕੀਤੀ ਗਈ। ਉਸ ਨੂੰ ਪੰਜ ਦਿਨਾਂ ਦੇ ਅੰਦਰ ਤਿੰਨ ਮੈਚਾਂ ਵਿੱਚ ਵੱਧ ਤੋਂ ਵੱਧ 12 ਓਵਰ ਸੁੱਟਣੇ ਹੋਣਗੇ।

ਇਹ ਵੀ ਪੜ੍ਹੋ : CM ਮਾਨ ਨੇ ਸਪੈਸ਼ਲ ਓਲੰਪਿਕ ਪੰਜਾਬ ਦੇ 7 ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਇਸ ਸੀਰੀਜ਼ ਤੋਂ ਮੁੱਖ ਚੋਣਕਾਰ ਅਜੀਤ ਅਗਰਕਰ, ਵਨਡੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਪਤਾ ਲੱਗ ਜਾਵੇਗਾ ਕਿ ਬੁਮਰਾਹ ਮੈਚ ਫਿਟਨੈੱਸ ਦੇ ਮਾਮਲੇ 'ਚ ਕਿੱਥੇ ਖੜ੍ਹੇ ਹਨ। ਹਾਲਾਂਕਿ 50 ਓਵਰਾਂ ਦਾ ਫਾਰਮੈਟ ਬਿਲਕੁਲ ਵੱਖਰਾ ਹੈ ਕਿਉਂਕਿ ਉਨ੍ਹਾਂ ਨੂੰ ਦੋ, ਤਿੰਨ ਜਾਂ ਚਾਰ ਓਵਰਾਂ ਦੇ ਸਪੈੱਲ ਵਿੱਚ ਦਸ ਓਵਰ ਕਰਨੇ ਪੈਂਦੇ ਹਨ। BCCI ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਬੁਮਰਾਹ ਦੀ ਗੇਂਦਬਾਜ਼ੀ ਦਾ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਸ਼ਾਰਟ ਗੇਂਦਾਂ ਅਤੇ ਯਾਰਕਰ ਸੁੱਟ ਰਿਹਾ ਹੈ।

ਮੈਚ ਦੀਆਂ ਸਥਿਤੀਆਂ, ਹਾਲਾਂਕਿ, ਪੂਰੀ ਤਰ੍ਹਾਂ ਵੱਖਰੀਆਂ ਹੋਣਗੀਆਂ ਅਤੇ ਟੀਮ ਪ੍ਰਬੰਧਨ ਪਹਿਲਾਂ ਹੀ ਉਸ ਨੂੰ ਪਿਛਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਜਲਦਬਾਜ਼ੀ ਕਰਨ ਦੀ ਗਲਤੀ ਕਰ ਚੁੱਕਾ ਹੈ। ਉਦੋਂ ਤੋਂ ਉਹ ਨਹੀਂ ਖੇਡ ਸਕਿਆ ਹੈ। ਉਸ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਘਰੇਲੂ ਸੀਰੀਜ਼ ਲਈ ਚੁਣਿਆ ਗਿਆ ਸੀ ਪਰ ਆਖਰੀ ਸਮੇਂ 'ਤੇ ਉਸ ਨੂੰ ਵਾਪਸ ਲੈਣਾ ਪਿਆ। ਕਰੀਅਰ ਲਈ ਖਤਰੇ ਵਾਲੀ ਸੱਟ ਨੂੰ ਠੀਕ ਕਰਨ ਲਈ ਉਸ ਨੂੰ ਸਰਜਰੀ ਕਰਵਾਉਣੀ ਪਈ। ਆਇਰਲੈਂਡ ਖਿਲਾਫ ਸੀਰੀਜ਼ 'ਚ ਬੁਮਰਾਹ ਨੂੰ ਮੈਚ ਅਭਿਆਸ ਵੀ ਮਿਲੇਗਾ ਅਤੇ ਏਸ਼ੀਆ ਕੱਪ ਦੀ ਤਿਆਰੀ ਵੀ ਹੋਵੇਗੀ।

ਦੂਜੇ ਪਾਸੇ ਐਂਡਰਿਊ ਬਾਲਬਰਨੀ ਦੀ ਕਪਤਾਨੀ ਵਾਲੀ ਆਇਰਲੈਂਡ ਦੀ ਟੀਮ ਕੋਲ ਹੈਰੀ ਟੇਕਟਰ, ਲੋਰਕਨ ਟਕਰ, ਖੱਬੇ ਹੱਥ ਦੇ ਸਪਿਨਰ ਜਾਰਜ ਡੌਕਰੇਲ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਹਨ। ਹਾਲਾਂਕਿ ਉਹ ਭਾਰਤ ਦੇ ਖਿਲਾਫ ਅਜੇ ਤੱਕ ਇੱਕ ਵੀ ਮੈਚ ਨਹੀਂ ਜਿੱਤ ਸਕੇ ਹਨ। ਉਨ੍ਹਾਂ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੋਸ਼ ਲਿਟਲ ਨੇ ਪਿਛਲੇ ਸਾਲ ਆਈ. ਪੀ. ਐਲ. ਵਿੱਚ ਗੁਜਰਾਤ ਟਾਈਟਨਸ ਲਈ ਖੇਡਿਆ ਸੀ। ਬੁਮਰਾਹ ਅਤੇ ਸੰਜੂ ਸੈਮਸਨ ਨੂੰ ਛੱਡ ਕੇ ਮੌਜੂਦਾ ਭਾਰਤੀ ਟੀਮ ਦੇ ਮੈਂਬਰ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਦੇ ਦਾਅਵੇਦਾਰ ਹੋਣਗੇ। ਉਹ ਇਸ ਲੜੀ ਰਾਹੀਂ ਏਸ਼ੀਆਈ ਖੇਡਾਂ ਲਈ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਚਾਹੁਣਗੇ।

ਇਹ ਵੀ ਪੜ੍ਹੋ : ਭਾਰਤ ਦੇ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਦੋ ਤਗਮੇ ਪੱਕੇ

ਟੀਮਾਂ:

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਰੁਤੂਰਾਜ ਗਾਇਕਵਾੜ, ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਸੰਜੂ ਸੈਮਸਨ, ਜਿਤੇਸ਼ ਸ਼ਰਮਾ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਅਵੇਸ਼ ਖਾਨ।

ਆਇਰਲੈਂਡ : ਐਂਡਰਿਊ ਬਾਲਬੀਰਨੀ (ਕਪਤਾਨ), ਹੈਰੀ ਟੇਕਟਰ, ਲੋਰਕਨ ਟਕਰ, ਰੌਸ ਐਡੇਅਰ, ਮਾਰਕ ਅਡਾਇਰ, ਕੁਰਟਿਸ ਕੈਮਫਰ, ਜੈਰੇਥ ਡੇਲਾਨੀ, ਜਾਰਜ ਡੌਕਰੇਲ, ਫਿਓਨ ਹੈਂਡ, ਜੋਸ਼ ਲਿਟਲ, ਬੈਰੀ ਮੈਕਕਾਰਥੀ, ਬੇਨ ਵ੍ਹਾਈਟ, ਕ੍ਰੇਗ ਯੰਗ, ਥੀਓ ਵੈਨ ਵੋਰਕੋਮ।

ਮੈਚ ਦਾ ਸਮਾਂ: ਸ਼ਾਮ 7.30 ਵਜੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News