T20 WC: ਕੀ ਸੈਮੀਫਾਈਨਲ 'ਚ ਪਹੁੰਚ ਸਕੇਗਾ ਭਾਰਤ? ਅਫ਼ਗਾਨਿਸਤਾਨ ਦੀ ਜਿੱਤ-ਹਾਰ ਕਰੇਗੀ ਵੱਡਾ ਫ਼ੈਸਲਾ
Sunday, Nov 07, 2021 - 01:05 PM (IST)
ਆਬੂਧਾਬੀ– ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦੀਆਂ ਟੀਮਾਂ ਟੀ-20 ਵਿਸ਼ਵ ਕੱਪ ਦੇ ਬੇਹੱਦ ਮਹੱਤਵਪੂਰਨ ਮੈਚ ਵਿਚ ਅੱਜ ਭਾਵ ਐਤਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਭਾਰਤੀ ਟੀਮ ਦੇ ਸਾਹ ਰੁਕੇ ਹੋਏ ਹੋਣਗੇ ਕਿਉਂਕਿ ਉਸਦੇ ਸੈਮੀਫਾਈਨਲ ਵਿਚ ਪ੍ਰਵੇਸ਼ ਦੀਆਂ ਸਾਰੀਆਂ ਉਮੀਦਾਂ ਇਸੇ ਮੈਚ ’ਤੇ ਟਿਕੀਆਂ ਹਨ। ਟੀਮ ਇੰਡੀਆ ਦੇ ਨਾਲ ਕਰੋੜਾਂ ਭਾਰਤੀ ਵੀ ਇਸ ਮੈਚ ਵਿਚ ਅਫਗਾਨਿਸਤਾਨ ਦੀ ਜਿੱਤ ਦੀ ਦੁਆ ਕਰ ਰਹੇ ਹੋਣਗੇ।
ਨਿਊਜ਼ੀਲੈਂਡ ਦੇ ਜਿੱਤਣ ’ਤੇ ਭਾਰਤ ਲਈ ਸੈਮੀਫਾਈਨਲ ਦੇ ਦਰਵਾਜ਼ੇ ਬੰਦ ਹੋ ਜਾਣਗੇ ਕਿਉਂਕਿ ਨਿਊਜ਼ੀਲੈਂਡ ਦੇ 8 ਅੰਕ ਹੋ ਜਾਣਗੇ ਤੇ ਆਖਰੀ ਮੈਚ ਜਿੱਤ ਕੇ ਵੀ ਭਾਰਤ ਓਨੇ ਅੰਕ ਹਾਸਲ ਨਹੀਂ ਕਰ ਸਕੇਗਾ। ਅਫਗਾਨਿਸਤਾਨ ਜੇਕਰ ਨਿਊਜ਼ੀਲੈਂਡ ਨੂੰ ਹਰਾ ਦਿੰਦਾ ਹੈ ਤਾਂ ਉਸਦੀਆਂ ਮਾਮੂਲੀ ਉਮੀਦਾਂ ਬਣੀਆਂ ਰਹਿਣਗੀਆਂ ਜਦਕਿ ਭਾਰਤ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ, ਜਿਸ ਨੂੰ ਆਖਰੀ ਮੈਚ ਚੰਗੇ ਫਰਕ ਨਾਲ ਜਿੱਤਣਾ ਪਵੇਗਾ। ਨਿਊਜ਼ੀਲੈਂਡ ਦੇ ਜਿੱਤਣ ’ਤੇ ਨਾਮੀਬੀਆ ਵਿਰੁੱਧ ਭਾਰਤ ਦਾ ਆਖ਼ਰੀ ਲੀਗ ਮੈਚ ਰਸਮੀ ਰਹਿ ਜਾਵੇਗਾ।
ਭਾਰਤ ਦੇ ਸੈਮੀਫਾਈਨਲ 'ਚ ਜਾਣ ਲਈ ਕੀ ਸਮੀਕਰਨ ਹਨ
- ਭਾਰਤ ਨੇ ਸਕਾਟਲੈਂਡ ਨੂੰ ਹਰਾਇਆ ਹੈ ਅਤੇ ਨੈੱਟ ਰਨ ਰੇਟ ਵੀ ਗਰੁੱਪ 'ਚ ਸਭ ਤੋਂ ਵਧੀਆ ਹੈ। ਹੁਣ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਐਤਵਾਰ ਨੂੰ ਮੈਚ ਹੋਣਾ ਹੈ। ਜੇਕਰ ਭਾਰਤ ਨੂੰ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣਾ ਹੈ ਤਾਂ ਅਫਗਾਨਿਸਤਾਨ ਨੂੰ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ। ਬਸ ਇਹੀ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ।
- ਜੇਕਰ ਅਫਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਖਿਲਾਫ ਜਿੱਤ ਜਾਂਦੀ ਹੈ ਤਾਂ ਭਾਰਤ ਲਈ ਦੂਜੀ ਚੰਗੀ ਗੱਲ ਇਹ ਹੈ ਕਿ ਭਾਰਤ ਨੇ ਸੁਪਰ-12 ਦੌਰ ਦਾ ਆਖਰੀ ਮੈਚ ਖੇਡਣਾ ਹੈ। ਜਦੋਂ ਭਾਰਤ 8 ਨਵੰਬਰ ਦੀ ਸ਼ਾਮ ਨੂੰ ਨਾਮੀਬੀਆ ਖਿਲਾਫ ਮੈਦਾਨ 'ਚ ਉਤਰੇਗਾ ਤਾਂ ਉਸ ਦੇ ਸਾਹਮਣੇ ਪੂਰੀ ਕਹਾਣੀ ਸਾਫ ਹੋ ਜਾਵੇਗੀ ਕਿ ਉਸ ਨੇ ਕੀ ਕਰਨਾ ਹੈ ਅਤੇ ਕੀ ਨਹੀਂ।
- ਇਨ੍ਹਾਂ ਸਾਰੇ ਸਮੀਕਰਨ 'ਚ ਇਕ ਦਿਲਚਸਪ ਗੱਲ ਇਹ ਨਿਕਲ ਕੇ ਆਈ ਹੈ ਕਿ ਜੇਕਰ ਅਫ਼ਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਹਰਾ ਵੀ ਦਿੰਦੀ ਹੈ ਤਾਂ ਉਸ ਦੇ ਲਈ ਸੈਮੀਫਾਈਨਲ ਦੇ ਦਵਾਰ ਲਗਪਗ ਬੰਦ ਹੀ ਹੋ ਚੁੱਕੇ ਹਨ। ਕਿਉਂਕਿ ਜੇਕਰ ਉਹ ਨਿਊਜ਼ੀਲੈਂਡ ਨੂੰ ਹਰਾ ਦੇਵੇ ਅਤੇ ਭਾਰਤ ਨਾਮਿਬੀਆ ਨੂੰ ਰੌਂਦ ਦੇਵੇ ਉਦੋਂ ਭਾਰਤ ਅਫ਼ਗਾਨਿਸਤਾਨ ਤੇ ਨਿਊਜ਼ੀਲੈਂਡ ਤਿੰਨਾਂ ਦੇ ਅੰਕ ਬਰਾਬਰ ਹੋਣਗੇ ਪਰ ਨੈੱਟ ਰਨ ਰੇਟ ਭਾਰਤ ਦਾ ਹੀ ਬਿਹਤਰ ਹੋਣ ਦੇ ਆਸਾਰ ਬਣ ਚੁੱਕੇ ਹਨ। ਯਾਨੀ ਹੁਣ ਕੁੱਲ ਮਿਲਾ ਕੇ ਦੇਖੀਏ ਤਾਂ ਟੱਕਰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੀ ਹੈ, ਜੇਕਰ ਅਫ਼ਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ।