T20 WC 2022 : ਇੰਗਲੈਂਡ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
Saturday, Oct 22, 2022 - 08:15 PM (IST)
ਪਰਥ (ਵਾਰਤਾ)- ਇੰਗਲੈਂਡ ਨੇ ਸੈਮ ਕੁਰੇਨ (10/5) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ਼ਨੀਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਮੈਚ ਵਿੱਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ 112 ਦੌੜਾਂ 'ਤੇ ਆਲ ਆਊਟ ਹੋ ਗਈ। ਇੰਗਲੈਂਡ ਨੇ 113 ਦੌੜਾਂ ਦੇ ਟੀਚੇ ਨੂੰ 11 ਗੇਂਦਾਂ ਬਾਕੀ ਰਹਿੰਦੇ ਹਾਸਲ ਕਰ ਲਿਆ।
ਇੰਗਲੈਂਡ ਲਈ ਕੁਰੇਨ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਅਤੇ 3.4 ਓਵਰਾਂ 'ਚ 10 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਦੇ ਨਾਲ ਹੀ ਕੁਰੇਨ ਇੰਗਲੈਂਡ ਲਈ ਟੀ-20 ਵਿੱਚ ਪੰਜ ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਅਫਗਾਨਿਸਤਾਨ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਇਬਰਾਹਿਮ ਜ਼ਦਰਾਨ (32) ਅਤੇ ਉਸਮਾਨ ਗਨੀ (30) ਨੂੰ ਵੀ ਆਊਟ ਕੀਤਾ। ਅਫਗਾਨਿਸਤਾਨ ਨੇ 17 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 109 ਦੌੜਾਂ ਬਣਾਈਆਂ ਸਨ ਪਰ 18ਵੇਂ ਅਤੇ 20ਵੇਂ ਓਵਰਾਂ 'ਚ ਕੁਰੇਨ ਦੀਆਂ ਚਾਰ ਵਿਕਟਾਂ ਦੀ ਬਦੌਲਤ ਅਫਗਾਨਿਸਤਾਨ ਦੀ ਬਾਕੀ ਟੀਮ ਤਿੰਨ ਦੌੜਾਂ ਦੇ ਅੰਦਰ ਹੀ ਸਿਮਟ ਗਈ। ਇਸ ਤੋਂ ਇਲਾਵਾ ਮਾਰਕ ਵੁੱਡ ਅਤੇ ਬੇਨ ਸਟੋਕਸ ਨੇ ਦੋ-ਦੋ ਵਿਕਟਾਂ ਲਈਆਂਜਦਕਿ ਕ੍ਰਿਸ ਵੋਕਸ ਨੂੰ ਇਕ ਵਿਕਟ ਮਿਲੀ।
ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਅਫਗਾਨ ਗੇਂਦਬਾਜ਼ਾਂ ਨੂੰ 112 ਦੌੜਾਂ ਦਾ ਬਚਾਅ ਕਰਨ ਲਈ ਸੰਘਰਸ਼ ਕਰਨਾ ਪਿਆ। ਜੋਸ ਬਟਲਰ ਅਤੇ ਐਲੇਕਸ ਹੇਲਸ ਦੀ ਪਹਿਲੀ ਵਿਕਟ ਲਈ 35 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਅਫਗਾਨਿਸਤਾਨ ਨੇ ਕਿਸੇ ਵੀ ਸਾਂਝੇਦਾਰੀ ਨੂੰ ਵਧਣ-ਫੁੱਲਣ ਨਹੀਂ ਦਿੱਤਾ। ਮੁਜੀਬੁਰ ਰਹਿਮਾਨ ਨੇ ਡੇਵਿਡ ਮਲਾਨ (18) ਦਾ ਵਿਕਟ ਲਿਆ ਜਦਕਿ ਮੁਹੰਮਦ ਨਬੀ ਨੇ ਬੇਨ ਸਟੋਕਸ ਨੂੰ ਦੋ ਦੌੜਾਂ ਦੇ ਕੇ ਬੋਲਡ ਕੀਤਾ। ਰਾਸ਼ਿਦ ਖਾਨ ਨੇ ਹੈਰੀ ਬਰੂਕ ਨੂੰ ਸੱਤ ਦੌੜਾਂ 'ਤੇ ਪਵੇਲੀਅਨ ਭੇਜਿਆ। ਦੂਜੇ ਸਿਰੇ ਤੋਂ ਹਾਲਾਂਕਿ ਲਿਆਮ ਲਿਵਿੰਗਸਟਨ ਨੇ ਲਗਾਤਾਰ ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ 18.1 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਲਿਵਿੰਗਸਟਨ ਨੇ 21 ਗੇਂਦਾਂ 'ਤੇ ਤਿੰਨ ਚੌਕਿਆਂ ਦੀ ਮਦਦ ਨਾਲ ਅਜੇਤੂ 29 ਦੌੜਾਂ ਬਣਾਈਆਂ, ਜਦਕਿ ਮੋਈਨ ਅਲੀ 10 ਗੇਂਦਾਂ 'ਤੇ ਅੱਠ ਦੌੜਾਂ ਬਣਾ ਕੇ ਅਜੇਤੂ ਰਿਹਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।