T20 WC : ਰੋਹਿਤ ਤੇ ਵਿਰਾਟ ਨਾਲ ਗੱਲ ਕਰ ਸਕਦੈ ਅਗਰਕਰ, IPL ਦੇ ਖਿਡਾਰੀਆਂ ''ਤੇ ਰਹਿਣਗੀਆਂ ਨਜ਼ਰਾਂ

Tuesday, Jan 02, 2024 - 08:20 PM (IST)

T20 WC : ਰੋਹਿਤ ਤੇ ਵਿਰਾਟ ਨਾਲ ਗੱਲ ਕਰ ਸਕਦੈ ਅਗਰਕਰ, IPL ਦੇ ਖਿਡਾਰੀਆਂ ''ਤੇ ਰਹਿਣਗੀਆਂ ਨਜ਼ਰਾਂ

ਕੇਪਟਾਊਨ,  (ਭਾਸ਼ਾ)– ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਅਫਗਾਨਿਸਤਾਨ ਵਿਰੁੱਧ ਟੀ-20 ਲੜੀ ਲਈ ਟੀਮ ਦੀ ਚੋਣ ਕਰਦੇ ਸਮੇਂ ਸਿਰਖਪਾਈ ਕਰਨੀ ਪਵੇਗੀ ਕਿਉਂਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਜੂਨ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਖੇਡਣ ਦੇ ਇੱਛੁਕ ਹਨ। ਰੋਹਿਤ ਤੇ ਕੋਹਲੀ ਦੋਵੇਂ ਨਵੰਬਰ 2022 ਵਿਚ ਇੰਗਲੈਂਡ ਵਿਰੁੱਧ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਭਾਰਤ ਵਲੋਂ ਸਭ ਤੋਂ ਛੋਟੇ ਸਵਰੂਪ ਵਿਚ ਨਹੀਂ ਖੇਡ ਰਹੇ ਹਨ।

ਦੋ ਰਾਸ਼ਟਰੀ ਚੋਣਕਾਰ ਸ਼ਿਵਸੁੰਦਰ ਦਾਸ ਤੇ ਸਲਿਲ ਅੰਕੋਲਾ ਅਜੇ ਦੱਖਣੀ ਅਫਰੀਕਾ ਵਿਚ ਹਨ ਜਦਕਿ ਦੂਜੇ ਟੈਸਟ ਮੈਚ ਦੌਰਾਨ ਅਗਰਕਰ ਵੀ ਉੱਥੇ ਪਹੁੰਚ ਜਾਵੇਗਾ। ਪੂਰੀ ਸੰਭਾਵਨਾ ਹੈ ਕਿ ਅਗਰਕਰ ਤੇ ਉਸਦੇ ਸਾਥੀ ਇਸ ਦੌਰਾਨ ਮੁੱਖ ਕੋਚ ਰਾਹੁਲ ਦ੍ਰਾਵਿੜ, ਟੈਸਟ ਤੇ ਵਨ ਡੇ ਕਪਤਾਨ ਰੋਹਿਤ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾਲ ਗੱਲ ਕਰਨਗੇ ਤੇ ਉਸ ਤੋਂ ਬਾਅਦ ਅਫਗਾਨਿਸਤਾਨ ਵਿਰੁੱਧ ਲੜੀ ਲਈ ਟੀਮ ਦੀ ਚੋਣ ਕੀਤੀ ਜਾਵੇਗੀ।

ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਲਗਭਗ 30 ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਨਜ਼ਰ ਰੱਖੀ ਜਾਵੇਗੀ। ਅਜੇ ਇਹ ਦੇਖਣਾ ਹੋਵੇਗਾ ਕਿ ਅਗਰਕਰ ਤੇ ਉਸਦੇ ਸਾਥੀ 11 ਜਨਵਰੀ ਤੋਂ ਮੋਹਾਲੀ ਵਿਚ ਸ਼ੁਰੂ ਹੋਣ ਵਾਲੀ ਲੜੀ ਲਈ ਰੋਹਿਤ ਤੇ ਕੋਹਲੀ ਦੀ ਚੋਣ ਕਰਦੇ ਹਨ ਜਾਂ ਨਹੀਂ ਜਾਂ ਫਿਰ ਆਈ. ਪੀ. ਐੱਲ. ਦੌਰਾਨ ਹੀ ਉਨ੍ਹਾਂ ਦੀ ਵੀ ਫਾਰਮ ਤੇ ਫਿਟਨੈੱਸ ’ਤੇ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਦੋਵਾਂ ਧਾਕੜ ਖਿਡਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਟੀ-20 ਵਿਸ਼ਵ ਕੱਪ ਦਾ ਹਿੱਸਾ ਬਣਨਾ ਪਸੰਦ ਕਰਨਗੇ।


author

Tarsem Singh

Content Editor

Related News