ਟੀ-20 ਵਿਸ਼ਵ ਕੱਪ : ਕੋਹਲੀ, ਰੋਹਿਤ ਤੇ ਰਾਹੁਲ ਨੇ ਨੈੱਟ ''ਤੇ ਵਹਾਇਆ ਪਸੀਨਾ, ਪੰਡਯਾ ਤੇ ਤੇਜ਼ ਗੇਂਦਬਾਜ਼ਾਂ ਨੇ ਬਣਾਈ ਦੂਰੀ

Tuesday, Oct 25, 2022 - 01:43 PM (IST)

ਟੀ-20 ਵਿਸ਼ਵ ਕੱਪ : ਕੋਹਲੀ, ਰੋਹਿਤ ਤੇ ਰਾਹੁਲ ਨੇ ਨੈੱਟ ''ਤੇ ਵਹਾਇਆ ਪਸੀਨਾ, ਪੰਡਯਾ ਤੇ ਤੇਜ਼ ਗੇਂਦਬਾਜ਼ਾਂ ਨੇ ਬਣਾਈ ਦੂਰੀ

ਸਿਡਨੀ— ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਖਿਲਾਫ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਹੁਣ ਨੀਦਰਲੈਂਡ ਖਿਲਾਫ ਹੋਣ ਵਾਲੇ ਮੈਚ ਦੀ ਤਿਆਰੀ 'ਚ ਲੱਗੀ ਹੋਈ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਮੰਗਲਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ (SGC) 'ਤੇ ਨੈੱਟ ਸੈਸ਼ਨ ਦੌਰਾਨ ਚੰਗੀ ਫਾਰਮ 'ਚ ਨਜ਼ਰ ਆਏ। ਸਿਡਨੀ ਦੇ ਮਸ਼ਹੂਰ ਕ੍ਰਿਕਟ ਮੈਦਾਨ 'ਤੇ ਬੱਲੇਬਾਜ਼ੀ ਕਰਦੇ ਹੋਏ 'ਚੇਜ਼ ਮਾਸਟਰ' ਕੋਹਲੀ ਅਤੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਵੀ ਨੈੱਟ ਸੈਸ਼ਨ ਦਾ ਆਨੰਦ ਮਾਣਿਆ।

ਭਾਰਤੀ ਟੀਮ ਦੇ ਇਸ ਅਭਿਆਸ ਸੈਸ਼ਨ ਦੌਰਾਨ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਆਪਣੇ ਦੂਜੇ ਟੀ-20 ਵਿਸ਼ਵ ਕੱਪ ਮੈਚ ਤੋਂ ਪਹਿਲਾਂ ਆਪਣੇ ਹੁਨਰ ਨੂੰ ਨਿਖਾਰਨ ਲਈ ਸਖ਼ਤ ਮਿਹਨਤ ਕੀਤੀ। ਸੈਸ਼ਨ ਦੌਰਾਨ, ਰਾਹੁਲ ਅਤੇ ਦਿਨੇਸ਼ ਕਾਰਤਿਕ ਨੇ ਨੈੱਟ 'ਤੇ ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਕਾਰਤਿਕ ਨੇ ਕੋਹਲੀ ਨਾਲ ਥ੍ਰੋ-ਡਾਊਨ ਦਾ ਅਭਿਆਸ ਵੀ ਕੀਤਾ। ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਦੀ ਨਿਗਰਾਨੀ ਹੇਠ ਇਹ ਪ੍ਰੈਕਟਿਸ ਸੈਸ਼ਨ ਹੋਇਆ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਆਲੋਚਕਾਂ 'ਤੇ ਵਰ੍ਹੇ ਬ੍ਰੈਟ ਲੀ, ਕਹੀਆਂ ਇਹ ਗੱਲਾਂ

ਰਾਹੁਲ ਅਤੇ ਰੋਹਿਤ ਨੇ ਕੁਝ ਕਰਿਸਪ ਡਰਾਈਵ ਖੇਡੇ ਅਤੇ ਚੰਗੇ ਟੱਚ ਵਿੱਚ ਦਿਖਾਈ ਦਿੱਤੇ ਜਿਸ ਨਾਲ ਸਲਾਮੀ ਬੱਲੇਬਾਜ਼ਾਂ ਦੀ ਫ਼ਾਰਮ ਵਿੱਚ ਗਿਰਾਵਟ ਨੂੰ ਲੈ ਕੇ ਪ੍ਰਬੰਧਨ ਦੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਐਤਵਾਰ ਨੂੰ ਪਾਕਿਸਤਾਨ ਖਿਲਾਫ ਅਹਿਮ ਪਾਰੀ ਖੇਡਣ 'ਚ ਨਾਕਾਮ ਰਹੇ ਰੋਹਿਤ ਨੇ ਨੈੱਟ 'ਤੇ ਡੂੰਘਾਈ ਨਾਲ ਅਭਿਆਸ ਕੀਤਾ। ਰਿਸ਼ਭ ਪੰਤ ਨੂੰ ਵੀ ਨੈੱਟ 'ਤੇ ਕੁਝ ਸ਼ਾਟ ਖੇਡਦੇ ਦੇਖਿਆ ਗਿਆ। ਸੂਰਯਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਨੇ ਅਭਿਆਸ ਸੈਸ਼ਨ ਨੂੰ ਆਰਾਮ ਕਰਨ ਲਈ ਛੱਡ ਦਿੱਤਾ। ਇਸ ਦੌਰਾਨ ਗੇਂਦਬਾਜ਼ਾਂ ਨੇ ਨੈੱਟ 'ਤੇ ਸਖ਼ਤ ਗੇਂਦਬਾਜ਼ੀ ਕੀਤੀ ਜਿਸ ਵਿੱਚ ਯੁਜਵੇਂਦਰ ਚਾਹਲ ਅਤੇ ਰਵੀਚੰਦਰਨ ਅਸ਼ਵਿਨ ਸ਼ਾਮਲ ਸਨ।

ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ ਅਤੇ ਅਰਸ਼ਦੀਪ ਸਿੰਘ ਨੇ ਨੀਦਰਲੈਂਡ ਦੇ ਖਿਲਾਫ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਭਾਰਤ ਦਾ ਨੀਦਰਲੈਂਡ ਨਾਲ ਮੁਕਾਬਲਾ 27 ਅਕਤੂਬਰ ਨੂੰ ਸਿਡਨੀ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਣਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News