T-20 WC : ਲਾਹਿਰੂ ਕੁਮਾਰਾ ਤੇ ਲਿਟਨ ਦਾਸ ''ਤੇ ਲੱਗਾ ਜੁਰਮਾਨਾ, ਜਾਣੋ ਵਜ੍ਹਾ

Monday, Oct 25, 2021 - 07:02 PM (IST)

T-20 WC : ਲਾਹਿਰੂ ਕੁਮਾਰਾ ਤੇ ਲਿਟਨ ਦਾਸ ''ਤੇ ਲੱਗਾ ਜੁਰਮਾਨਾ, ਜਾਣੋ ਵਜ੍ਹਾ

ਦੁਬਈ- ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਤੇ ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਦਾਸ 'ਤੇ ਟੀ-20 ਵਰਲਡ ਕੱਪ ਦੇ ਸੁਪਰ 12 ਪੜਾਅ ਦੇ ਮੈਚ ਦੇ ਦੌਰਾਨ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਆਚਾਰ ਸੰਹਿਤਾ ਦੀ ਉਲੰਘਣਾ 'ਚ ਕ੍ਰਮਵਾਰ ਮੈਚ ਫੀਸ ਦਾ 25 ਫ਼ੀਸਦੀ ਤੇ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।

ਮੈਦਾਨ 'ਤੇ ਤਿੱਖੀ ਬਹਿਸ ਦੇ ਬਾਅਦ ਦੋਵੇਂ ਕ੍ਰਿਕਟਰ ਇਕ ਦੂਜੇ 'ਤੇ ਹਮਲਾ ਕਰਨ ਦੀ ਕੋਸ਼ਿਸ਼ 'ਚ ਸਨ ਜਿਸ ਕਰਕੇ ਅੰਪਾਇਰਾਂ ਤੇ ਬਾਕੀ ਖਿਡਾਰੀਆਂ ਨੂੰ ਦਖ਼ਲ ਦੇਣਾ ਪਿਆ। ਆਈ. ਸੀ. ਸੀ. ਨੇ ਬਿਆਨ 'ਚ ਕਿਹਾ ਕਿ ਸ਼੍ਰੀਲੰਕਾਈ ਗੇਂਦਬਾਜ਼ ਲਾਹਿਰੂ ਕੁਮਾਰਾ ਤੇ ਬੰਗਲਾਦੇਸ਼ੀ ਬੱਲੇਬਾਜ਼ ਲਿਟਨ ਦਾਸ ਨੂੰ ਆਈ. ਸੀ. ਸੀ. ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਲਈ ਆਚਾਰ ਸੰਹਿਤਾ ਦੇ ਲੈਵਲ ਵਨ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।

ਇਸ 'ਚ ਕਿਹਾ ਗਿਆ ਹੈ ਕਿ ਕੁਮਾਰਾ 'ਤੇ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਤੇ ਇਕ ਡਿਮੈਰਿਟ ਅੰਕ ਲਾਇਆ ਗਿਆ ਹੈ। ਜਦਕਿ ਦਾਸ 'ਤੇ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਤੇ ਇਕ ਡਿਮੈਰਿਟ ਅੰਕ ਲਾਇਆ ਗਿਆ। ਕੁਮਾਰਾ 'ਤੇ ਆਈ. ਸੀ. ਸੀ. ਸੀ. ਆਚਾਰ ਸੰਹਿਤਾ ਦੀ ਧਾਰਾ 2.5 ਦੀ ਉਲੰਘਣਾ ਦਾ ਦੋਸ਼ ਹੈ ਜੋ ਕਿਸੇ ਕੌਮਾਂਤਰੀ ਮੈਚ 'ਚ ਬੱਲੇਬਾਜ਼ ਦੇ ਆਊਟ ਹੋਣ 'ਤੇ ਉਸ ਨੂੰ ਹਮਲਾਵਰ ਪ੍ਰਤੀਕਿਰਿਆ ਦੇ ਲਈ ਭੜਕਾਉਣ ਵਾਲੀ ਭਾਸ਼ਾ ਦੇ ਇਸਤੇਮਾਲ ਜਾਂ ਹਰਕਤ ਦੇ ਸੰਦਰਭ 'ਚ ਹੈ। ਦਾਸ ਨੂੰ ਖੇਡ ਭਾਵਨਾ ਦੇ ਉਲਟ ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਮੈਚ ਰੈਫ਼ਰੀ ਜਵਾਗਲ ਸ਼੍ਰੀਨਾਥ ਨੇ ਸਜ਼ਾ ਤੈਅ ਕੀਤੀ ਜਿਸ ਨੂੰ ਆਈ. ਸੀ .ਸੀ. ਕ੍ਰਿਕਟ ਪਰਿਚਾਲਨ ਵਿਭਾਗ ਨੇ ਮਨਜ਼ੂਰੀ ਦਿੱਤੀ। ਦੋਵੇਂ ਖਿਡਾਰੀਆਂ ਨੇ ਸਜ਼ਾ ਸਵੀਕਾਰ ਕਰ ਲਈ ਤਾਂ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।


author

Tarsem Singh

Content Editor

Related News