T-20 WC : ਨਿਊਜ਼ੀਲੈਂਡ ਵਿਰੁੱਧ ਵਾਪਸੀ ਦੀ ਕੋਸ਼ਿਸ਼ ਕਰੇਗਾ ਭਾਰਤ, ਇਹ ਹੋ ਸਕਦੀ ਹੈ ਟੀਮ ਇੰਡੀਆ ਦੀ ਰਣਨੀਤੀ

Sunday, Oct 31, 2021 - 11:23 AM (IST)

ਦੁਬਈ–ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਿਸ਼ਵ ਕੱਪ 2021 ਦੇ ਇੱਥੇ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਖੇਡੇ ਜਾਣ ਵਾਲੇ ਸੁਪਰ-12 ਗੇੜ ਦੇ ਮੁਕਾਬਲੇ ਵਿਚ ਭਾਰਤ ਦੀਆਂ ਨਜ਼ਰਾਂ ਪਹਿਲੀ ਜਿੱਤ ਦਰਜ ਕਰਨ ’ਤੇ ਹੋਣਗੀਆਂ। ਭਾਰਤੀ ਟੀਮ ਨਿਊਜ਼ੀਲੈਂਡ ਨੂੰ ਹਰਾ ਕੇ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕਰਨ ਦੇ ਨਾਲ-ਨਾਲ ਸੈਮੀਫਾਈਨਲ ਵੱਲ ਵਧਣ ਦੀ ਕੋਸ਼ਿਸ਼ ਕਰੇਗੀ। ਨਿਊਜ਼ੀਲੈਂਡ ਦਾ ਵੀ ਇਹ ਹੀ ਇਰਾਦਾ ਹੋਵੇਗਾ। ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ਸ਼ਾਮ ਸਾਢੇ ਸੱਤ ਵਜੇ ਖੇਡਿਆ ਜਾਣ ਵਾਲਾ ਇਹ ਮੈਚ ਹਰ ਲਿਹਾਜ ਨਾਲ ਰੋਮਾਂਚਕ ਹੋਵੇਗਾ। ਫਿਲਹਾਲ ਦੋਵੇਂ ਹੀ ਟੀਮਾਂ ਦਾ ਜਿੱਤ ਦਾ ਅਜੇ ਖਾਤਾ ਨਹੀਂ ਖ਼ੁੱਲ੍ਹਿਆ ਹੈ। ਦੋਵਾਂ ਨੂੰ ਹੀ ਪਾਕਿਸਤਾਨ ਵਿਰੁੱਧ ਆਪਣੇ ਪਹਿਲੇ-ਪਹਿਲੇ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਜਿੱਥੇ ਇਕਪਾਸੜ ਅੰਦਾਜ਼ ਵਿਚ ਹਾਰਿਆ ਸੀ, ਉੱਥੇ ਹੀ ਨਿਊਜ਼ੀਲੈਂਡ ਨੂੰ ਥੋੜ੍ਹੀ ਬਹੁਤ ਚੁਣੌਤੀ ਤੋਂ ਬਾਅਦ ਹਾਰ ਹਾਸਲ ਹੋਈ ਸੀ। ਅਜਿਹੇ ਵਿਚ ਦੋਵੇਂ ਹੀ ਟੀਮਾਂ ਮਜ਼ਬੂਤ ਵਾਪਸੀ ਕਰਦੇ ਹੋਏ ਜਿੱਤ ਦਰਜ ਕਰਕੇ ਆਪਣਾ ਲੋਹਾ ਮਨਵਾਉਣਾ ਚਾਹੁਣਗੀਆਂ। ਇਹ ਮੈਚ ਹਾਰ ਜਾਣ ਵਾਲੀ ਟੀਮ ਦਾ ਸੈਮੀਫਾਈਨਲ ਵਿਚ ਪਹੁੰਚਣ ਦਾ ਰਸਤਾ ਬਹੁਤ ਮੁਸ਼ਕਿਲ ਹੋ ਜਾਵੇਗਾ। 

ਇਹ ਵੀ ਪੜ੍ਹੋ : IND vs NZ : ਸ਼ੰਮੀ ਨੂੰ ਟਰੋਲ ਕਰਨ ਵਾਲਿਆਂ ਨੂੰ ਵਿਰਾਟ ਨੇ ਲਿਆ ਲੰਮੇ ਹੱਥੀਂ, ਪੰਡਯਾ ਦੀ ਫਿੱਟਨੈਸ 'ਤੇ ਵੀ ਦਿੱਤਾ ਬਿਆਨ

ਟੀਮ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਮੈਚ ਵਿਚ ਭਾਰਤ ਦਾ ਚੋਟੀਕ੍ਰਮ ਢਹਿ-ਢੇਰੀ ਹੋ ਗਿਆ ਸੀ, ਹਾਲਾਂਕਿ ਕਪਤਾਨ ਵਿਰਾਟ ਕੋਹਲੀ ਨੇ 57 ਦੌੜਾਂ ਬਣਾ ਕੇ ਰਿਸ਼ਭ ਪੰਤ ਤੇ ਹੋਰਨਾਂ ਬੱਲੇਬਾਜ਼ਾਂ ਦੇ ਨਾਲ ਮਿਲ ਕੇ ਟੀਮ ਨੂੰ 151 ਦੌੜਾਂ ਦੇ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ ਸੀ ਪਰ ਪਾਕਿਸਤਾਨ ਦੀ ਬੱਲੇਬਾਜ਼ੀ ਦੇ ਸਾਹਮਣੇ ਇਹ ਸਕੋਰ ਡਿਫੈਂਡ ਕਰਨ ਲਈ ਲੋੜੀਂਦਾ ਸਾਬਤ ਨਹੀਂ ਹੋਇਆ। ਇੱਥੋਂ ਤਕ ਕਿ ਭਾਰਤੀ ਗੇਂਦਬਾਜ਼ ਪਾਕਿਸਤਾਨ ਦੀ ਇਕ ਵੀ ਵਿਕਟ ਨਹੀਂ ਲੈ ਸਕੇ ਸਨ।
 
ਉੱਥੇ ਹੀ ਨਿਊਜ਼ੀਲੈਂਡ ਵੀ ਪਹਿਲਾਂ ਬੱਲੇਬਾਜ਼ੀ ਲਈ ਮਿਹਨਤ ਕਰਦਾ ਨਜ਼ਰ ਆਇਆ ਸੀ, ਹਾਲਾਂਕਿ ਉਸ ਨੇ ਗੇਂਦਬਾਜ਼ੀ ਵਿਚ ਪਾਕਿਸਤਾਨ ਨੂੰ ਚੁਣੌਤੀ ਦਿੱਤੀ ਸੀ। ਕੇਨ ਵਿਲੀਅਮਸਨ, ਡੇਵੋਨ ਕੋਨਵੇ ਤੇ ਡੈਰਿਲ ਮਿਸ਼ੇਲ ਚੰਗੀ ਫਾਰਮ ਵਿਚ ਹਨ। ਦੋਵੇਂ ਟੀਮਾਂ ਨਵੀਂ ਰਣਨੀਤੀ ਦੇ ਨਾਲ  ਉਤਰਨਾ ਚਾਹੁਣਗੀਆਂ, ਜਿਸ ਦੇ ਤਹਿਤ ਟੀਮ ਵਿਚ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ। ਪਾਕਿਸਤਾਨ ਵਿਰੁੱਧ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਵਿਚ ਬਦਲਾਅ ਹੋ ਸਕਦਾ ਹੈ। ਆਖ਼ਰੀ-11 ਵਿਚ ਤਜਰਬੇਕਾਰ ਸਪਿਨਰ ਆਰ. ਅਸ਼ਵਿਨ ਤੇ ਸ਼ਾਰਦੁਲ ਠਾਕੁਰ ਨੂੰ ਜਗ੍ਹਾ ਮਿਲ ਸਕਦੀ ਹੈ। ਉੱਥੇ ਹੀ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਤੋਂ ਗੇਂਦ ਦੇ ਨਾਲ ਚੰਗਾ ਪ੍ਰਦਰਸ਼ਨ ਕਰਨ ਦੀਆਂ ਉਮੀਦਾਂ ਹੋਣਗੀਆਂ। 

ਇਹ ਵੀ ਪੜ੍ਹੋ : T-20 WC : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਟਿਮ ਸਾਊਥੀ ਨੇ ਦਿੱਤਾ ਇਹ ਬਿਆਨ

ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਆਲਰਾਊਂਡਰ ਹਾਰਦਿਕ ਪੰਡਯਾ ਨੇ ਨੈੱਟ ’ਤੇ ਗੇਂਦਬਾਜ਼ੀ ਕੀਤੀ ਹੈ। ਕਪਤਾਨ ਵਿਰਾਟ ਕੋਹਲੀ ਨੇ ਇੱਥੇ ਮੈਚ ਦੀ ਪੂਰਬਲੀ ਸ਼ਾਮ ’ਤੇ ਇਕ ਪੱਤਰਕਾਰ ਸੰਮੇਲਨ ਵਿਚ ਹਾਰਦਿਕ ਪੰਡਯਾ ਦੇ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਹਾਰਦਿਕ ਪੂਰੀ ਤਰ੍ਹਾਂ ਨਾਲ ਫਿੱਟ ਹੈ ਤੇ ਜੇਕਰ ਸਾਨੂੰ ਛੇਵੇਂ ਗੇਂਦਬਾਜ਼ ਦੀ ਲੋੜ ਪੈਂਦੀ ਹੈ ਤਾਂ ਉਹ ਹਾਰਦਿਕ ਹੋ ਸਕਦਾ ਹੈ ਜਾਂ ਫਿਰ ਉਹ ਖੁਦ ਹੋ ਸਕਦਾ ਹੈ।
ਦੋਵਾਂ ਟੀਮਾਂ ਵਿਚਾਲੇ 16 ਟੀ-20 ਕੌਮਾਂਤਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿਚੋਂ ਦੋਵਾਂ ਨੇ 8-8 ਆਪਣੇ ਨਾਂ ਕੀਤੇ ਹਨ। ਉੱਥੇ ਹੀ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦਾ ਦਬਦਬਾ ਰਿਹਾ। ਦੋਵਾਂ ਵਿਚਾਲੇ ਟੀ-20 ਵਿਸ਼ਵ ਕੱਪ ਵਿਚ ਦੋ ਵਾਰ 2007 ਤੇ 2016 ਨੂੰ ਟੱਕਰ ਹੋਈ ਸੀ ਤੇ ਦੋਵੇਂ ਵਾਰ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ ਹੈ। ਭਾਰਤ ਜਿੱਤ ਦੇ ਨਾਲ ਇਸ ਰਿਕਾਰਡ ਨੂੰ ਸੁਧਾਰਨਾ ਚਾਹੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News