ਸਈਅਦ ਮੁਸ਼ਤਾਕ ਅਲੀ ਟਰਾਫੀ : ਸ਼ਾਹਬਾਜ਼ ਦਾ ਹਰਫਨਮੌਲਾ ਪ੍ਰਦਰਸ਼ਨ, ਬੰਗਾਲ ਨੇ ਤਾਮਿਲਨਾਡੂ ਨੂੰ ਹਰਾਇਆ

Sunday, Oct 16, 2022 - 09:33 PM (IST)

ਸਈਅਦ ਮੁਸ਼ਤਾਕ ਅਲੀ ਟਰਾਫੀ : ਸ਼ਾਹਬਾਜ਼ ਦਾ ਹਰਫਨਮੌਲਾ ਪ੍ਰਦਰਸ਼ਨ, ਬੰਗਾਲ ਨੇ ਤਾਮਿਲਨਾਡੂ ਨੂੰ ਹਰਾਇਆ

ਲਖਨਊ— ਭਾਰਤੀ ਟੀਮ ਲਈ ਹਾਲ ਹੀ 'ਚ ਡੈਬਿਊ ਕਰਨ ਵਾਲੇ ਸ਼ਾਹਬਾਜ਼ ਅਹਿਮਦ ਦੀ ਅਗਵਾਈ 'ਚ ਬੰਗਾਲ ਨੇ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਗਰੁੱਪ ਈ ਦੇ ਮੈਚ 'ਚ ਐਤਵਾਰ ਨੂੰ ਤਾਮਿਲਨਾਡੂ 'ਤੇ 43 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਬੰਗਾਲ ਦੀ ਨੁਮਾਇੰਦਗੀ ਕਰ ਰਹੇ ਹਰਿਆਣਾ ਦੇ ਇਸ ਖਿਡਾਰੀ ਨੇ 27 ਗੇਂਦਾਂ 'ਤੇ 42 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ ਛੇ ਵਿਕਟਾਂ 'ਤੇ 164 ਦੌੜਾਂ ਤੱਕ ਪਹੁੰਚਾਉਣ 'ਚ ਅਹਿਮ ਯੋਗਦਾਨ ਪਾਇਆ। ਉਸ ਨੇ ਗੇਂਦਬਾਜ਼ੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚਾਰ ਓਵਰਾਂ ਵਿੱਚ ਸਿਰਫ਼ 13 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਿਸ ਨਾਲ ਤਾਮਿਲਨਾਡੂ ਦੀ ਟੀਮ ਨੌਂ ਵਿਕਟਾਂ ’ਤੇ ਸਿਰਫ਼ 121 ਦੌੜਾਂ ਹੀ ਬਣਾ ਸਕੀ। 

ਸ਼ਾਹਬਾਜ਼ ਤੋਂ ਇਲਾਵਾ ਬੰਗਾਲ ਲਈ ਅਭਿਮਨਿਊ ਈਸਵਰਨ (38), ਸੁਦੀਪ ਘਰਾਮੀ (27) ਅਤੇ ਰਿਤਵਿਕ ਚੌਧਰੀ (32) ਨੇ ਵੀ ਬੰਗਾਲ ਲਈ ਬੱਲੇਬਾਜ਼ੀ 'ਚ ਚੰਗਾ ਯੋਗਦਾਨ ਦਿੱਤਾ। ਤਾਮਿਲਨਾਡੂ ਲਈ ਵਾਸ਼ਿੰਗਟਨ ਸੁੰਦਰ ਨੇ ਦੋ ਵਿਕਟਾਂ ਲਈਆਂ ਜਦਕਿ ਸਾਈ ਕਿਸ਼ੋਰ, ਟੀ ਨਟਰਾਜਨ ਅਤੇ ਵਰੁਣ ਚੱਕਰਵਰਤੀ ਨੇ ਇਕ-ਇਕ ਵਿਕਟ ਲਈ।

ਇਹ ਵੀ ਪੜ੍ਹੋ : T20 WC : ਸ਼੍ਰੀਲੰਕਾ 'ਤੇ ਜਿੱਤ ਤੋਂ ਬਾਅਦ ਤੇਂਦੁਲਕਰ ਨੇ ਕੀਤੀ ਨਾਮੀਬੀਆ ਦੀ ਸ਼ਲਾਘਾ, ਕਿਹਾ- 'ਨਾਂ ਯਾਦ ਰੱਖਿਓ'

ਟੀਚੇ ਦਾ ਪਿੱਛਾ ਕਰਦੇ ਹੋਏ ਸਾਈ ਸੁਦਰਸ਼ਨ ਨੇ 48 ਗੇਂਦਾਂ 'ਚ 64 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਉਸ ਨੂੰ ਦੂਜੇ ਸਿਰੇ ਤੋਂ ਕਿਸੇ ਵੀ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। ਸ਼ਾਹਬਾਜ਼ ਨੇ ਆਕਾਸ਼ ਦੀਪ ਦੀ ਗੇਂਦ 'ਤੇ ਸਲਾਮੀ ਬੱਲੇਬਾਜ਼ ਐੱਨ ਜਗਦੀਸ਼ਨ (ਦੋ) ਦਾ ਸ਼ਾਨਦਾਰ ਕੈਚ ਲੈਣ ਤੋਂ ਬਾਅਦ ਬਾਬਾ ਅਪਰਾਜਿਤ (16) ਤੋਂ ਇਲਾਵਾ ਸੰਜੇ ਯਾਦਵ (ਸਿਫਰ) ਅਤੇ ਵਾਸ਼ਿੰਗਟਨ ਸੁੰਦਰ (ਚਾਰ) ਦੀਆਂ ਅਹਿਮ ਵਿਕਟਾਂ ਲਈਆਂ।

ਗਰੁੱਪ ਦੇ ਇੱਕ ਹੋਰ ਮੈਚ ਵਿੱਚ ਓਡੀਸ਼ਾ ਨੇ ਆਖਰੀ ਗੇਂਦ ਤੱਕ ਚੱਲੇ ਰੋਮਾਂਚਕ ਮੈਚ ਵਿੱਚ ਚੰਡੀਗੜ੍ਹ ਉੱਤੇ ਇੱਕ ਵਿਕਟ ਨਾਲ ਜਿੱਤ ਦਰਜ ਕੀਤੀ। ਟੀਮ ਲਈ ਰਾਕੇਸ਼ ਪਟਨਾਇਕ ਨੇ 24 ਗੇਂਦਾਂ 'ਤੇ 61 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਚੰਡੀਗੜ੍ਹ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਛੇ ਵਿਕਟਾਂ ’ਤੇ 179 ਦੌੜਾਂ ਬਣਾਈਆਂ। ਟੀਮ ਲਈ ਭਾਗਮੇਂਦਰ ਲਾਥੇਰ ਨੇ 41 ਗੇਂਦਾਂ ਵਿੱਚ ਸੱਤ ਛੱਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ ਜਦਕਿ ਰਾਜ ਬਾਵਾ ਨੇ 17 ਗੇਂਦਾਂ ਵਿੱਚ 40 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਵਾਬ 'ਚ ਓਡੀਸ਼ਾ ਨੇ ਪੰਜ ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਪਰ ਸ਼ਾਂਤਨੂ ਮਿਸ਼ਰਾ (39) ਅਤੇ ਸੁਬਰਯਾਂਸ਼ੂ ਸੇਨਾਪਤੀ (47) ਨੇ ਉਪਯੋਗੀ ਯੋਗਦਾਨ ਦੇ ਕੇ ਪਾਰੀ ਨੂੰ ਸੰਭਾਲਿਆ ਅਤੇ ਪਟਨਾਇਕ ਦੀ ਬੱਲੇਬਾਜ਼ੀ ਨੇ ਟੀਮ ਨੂੰ ਜਿੱਤ ਦਿਵਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News