ਸਵੀਟੀ ਨੇ ਰੂਸ ਮੁੱਕੇਬਾਜ਼ੀ ਟੂਰਨਾਮੈਂਟ ''ਚ ਜਿੱਤਿਆ ਸੋਨ ਤਮਗਾ
Wednesday, Jun 13, 2018 - 02:28 AM (IST)

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ ਸਵੀਟੀ ਬੂਰਾ ਨੇ ਰੂਸ ਵਿਚ ਕਾਸਪਿਕ ਵਿਚ ਉਮਾਖਾਨੋਵ ਸਮ੍ਰਿਤੀ ਟੂਰਨਾਮੈਂਟ ਦੇ ਫਾਈਨਲ ਵਿਚ ਅੰਨਾ ਅਨਫਿਨੋਜੀਨੋਵਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਚਾਂਦੀ ਤਮਗਾ ਜੇਤੂ ਸਵੀਟੀ ਨੇ ਮਿਡਲਵੇਟ (75 ਕਿ. ਗ੍ਰਾ.) ਵਰਗ ਵਿਚ ਸਰਬਸੰਮਤੀ ਦੇ ਫੈਸਲੇ 'ਚ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਵਿਸ਼ਵ ਯੁਵਾ ਚੈਂਪੀਅਨ ਸ਼ਸ਼ੀ ਚੋਪੜਾ (57 ਕਿ. ਗ੍ਰਾ.), ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਕਾਂਸੀ ਤਮਗਾ ਜੇਤੂ ਪਿੰਕੀ ਜਾਂਗੜਾ (51 ਕਿ. ਗ੍ਰਾ.) ਅਤੇ ਪਵਿੱਤਰਾ (60 ਕਿ. ਗ੍ਰਾ.) ਨੂੰ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਗੁਆਉਣ ਤੋਂ ਬਾਅਦ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਸੀ।
ਮਰਦ ਮੁੱਕੇਬਾਜ਼ਾਂ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਗੌਰਵ ਵਿਧੂੜੀ (56 ਕਿ. ਗ੍ਰਾ.) ਨੂੰ ਸੈਮੀਫਾਈਨਲ ਵਿਚ ਹਾਰ ਦੇ ਨਾਲ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਬ੍ਰਿਜੇਸ਼ ਯਾਦਵ (81 ਕਿ. ਗ੍ਰਾ.) ਅਤੇ ਵਰਿੰਦਰ ਕੁਮਾਰ (91 ਕਿ. ਗ੍ਰਾ.) ਨੇ ਫਾਈਨਲ ਵਿਚ ਜਗ੍ਹਾ ਬਣਾਈ।