ਸਵਿਆਤੇਕ, ਅਲਕਾਰਜ਼ ਤੇ ਜੋਕੋਵਿਚ ਦੀ ਜਿੱਤ ਨਾਲ ਸ਼ੁਰੂਆਤ, ਓਸਾਕਾ ਹਾਰੀ
Sunday, Jul 28, 2024 - 11:23 AM (IST)
ਪੈਰਿਸ- ਇਗਾ ਸਵਿਆਤੇਕ ਅਤੇ ਕਾਰਲੋਸ ਅਲਕਾਰਜ਼ ਨੇ ਫ੍ਰੈਂਚ ਓਪਨ ਜਿੱਤਣ ਦੇ ਦੋ ਮਹੀਨੇ ਤੋਂ ਵੀ ਘੱਟ ਸਮੇਂ 'ਚ ਰੋਲੈਂਡ ਗੈਰੋਸ 'ਤੇ ਵਾਪਸੀ ਕਰਦੇ ਹੋਏ ਪੈਰਿਸ ਓਲੰਪਿਕ ਖੇਡਾਂ ਦੇ ਟੈਨਿਸ ਮੁਕਾਬਲੇ ਦੇ ਸਿੰਗਲ ਵਰਗ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਨੋਵਾਕ ਜੋਕੋਵਿਚ ਨੇ ਵੀ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕੀਤੀ। ਦੂਜੇ ਦੌਰ ਵਿੱਚ ਉਨ੍ਹਾਂ ਦਾ ਸਾਹਮਣਾ ਰਾਫੇਲ ਨਡਾਲ ਨਾਲ ਹੋ ਸਕਦਾ ਹੈ। ਨਡਾਲ ਨੇ ਹਾਲਾਂਕਿ ਪੁਰਸ਼ ਡਬਲਜ਼ ਵਿੱਚ ਅਲਕਾਰਜ਼ ਨਾਲ ਜਿੱਤ ਨਾਲ ਸ਼ੁਰੂਆਤ ਕੀਤੀ। ਸਪੈਨਿਸ਼ ਜੋੜੀ ਨੇ ਮੈਕਸਿਮੋ ਗੋਂਜਾਲੇਜ਼ ਅਤੇ ਐਂਡਰੇਸ ਮੋਲਟੇਨੀ ਦੀ ਛੇਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੀ ਜੋੜੀ ਨੂੰ 7-6 (4), 6-4 ਨਾਲ ਹਰਾਇਆ। ਸ਼ਨੀਵਾਰ ਨੂੰ ਖੇਡੇ ਗਏ ਆਖਰੀ ਮੁਕਾਬਲੇ 'ਚ ਐਂਜਲਿਕ ਕਰਬਰ ਨੇ ਨਾਓਮੀ ਓਸਾਕਾ ਨੂੰ 7-5, 6-3 ਨਾਲ ਹਰਾਇਆ। ਇਹ ਦੋਵੇਂ ਪਹਿਲਾਂ ਵੀ ਵਿਸ਼ਵ ਦੀ ਨੰਬਰ ਇਕ ਖਿਡਾਰੀ ਰਹਿ ਚੁੱਕੀ ਹੈ।
ਵਿਸ਼ਵ ਦੀ ਨੰਬਰ ਇਕ ਖਿਡਾਰਨ ਸਵਿਆਤੇਕ ਨੇ ਰੋਮਾਨੀਆ ਦੀ ਇਰੀਨਾ ਕੈਮੇਲੀਆ ਬੇਗੂ ਨੂੰ 6-2, 7-5 ਨਾਲ ਹਰਾਇਆ ਜਦਕਿ ਫਰੈਂਚ ਓਪਨ ਅਤੇ ਵਿੰਬਲਡਨ ਚੈਂਪੀਅਨ ਅਲਕਾਰਜ਼ ਨੇ ਲੇਬਨਾਨ ਦੀ ਹੈਡੀ ਹਬੀਬ ਨੂੰ 6-3, 6-1 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਸਰਬੀਆਈ ਖਿਡਾਰੀ ਜੋਕੋਵਿਚ ਨੂੰ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਖ਼ਿਲਾਫ਼ 6-0, 6-1 ਨਾਲ ਜਿੱਤ ਦਰਜ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ। ਹੋਰ ਮੈਚਾਂ ਵਿੱਚ ਇਟਲੀ ਦੀ ਜੈਸਮੀਨ ਪਾਓਲਿਨੀ ਨੇ ਰੋਮਾਨੀਆ ਦੀ ਐਨਾ ਬੋਗਦਾਨ ਨੂੰ 7-5, 6-3 ਨਾਲ ਹਰਾਇਆ ਪਰ 17ਵਾਂ ਦਰਜਾ ਪ੍ਰਾਪਤ ਕੈਰੋਲਿਨ ਗਾਰਸੀਆ ਰੋਮਾਨੀਆ ਦੀ ਜੈਕਲੀਨ ਏਡਿਨਾ ਕ੍ਰਿਸਟੀਅਨ ਤੋਂ 5-7, 6-3, 6-4 ਨਾਲ ਹਾਰ ਗਈ।