ਸੁਸ਼ੀਲ ਨੂੰ ਮਿਲੇਗਾ ਗੁਰੂ ਹਨੂਮਾਨ ਖੇਡ ਰਤਨ ਐਵਾਰਡ
Thursday, Mar 07, 2019 - 09:42 PM (IST)

ਨਵੀਂ ਦਿੱਲੀ- 2 ਵਾਰ ਦੇ ਓਲੰਪਿਕ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗੁਰੂ ਹਨੂਮਾਨ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੁਸ਼ੀਲ ਨੂੰ ਗੁਰੂ ਹਨੂਮਾਨ ਦੇ 119ਵੇਂ ਜਨਮ ਦਿਨ 'ਤੇ 15 ਮਾਰਚ ਨੂੰ ਹੋਣ ਵਾਲੇ ਗੁਰੂ ਹਨੂਮਾਨ ਦੰਗਲ ਵਿਚ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਗੁਰੂ ਹਨੂਮਾਨ ਅਖਾੜੇ ਦੀ ਚੋਣ ਕਮੇਟੀ ਨੇ ਇਹ ਫੈਸਲਾ ਲਿਆ ਹੈ। ਕਮੇਟੀ ਦੇ ਪ੍ਰਧਾਨ ਦ੍ਰੋਣਾਚਾਰਿਆ ਰਾਜ ਸਿੰਘ ਅਤੇ ਚੇਅਰਮੈਨ ਮਹਾਬਲੀ ਸਤਪਾਲ ਹਨ, ਜਦਕਿ ਕਮੇਟੀ ਵਿਚ ਦ੍ਰੋਣਾਚਾਰੀਆ ਮਹਾਸਿੰਘ ਰਾਓ ਵੀ ਸ਼ਾਮਲ ਹਨ।
ਰਾਜ ਸਿੰਘ ਤੇ ਸਤਪਾਲ ਨੇ ਵੀਰਵਾਰ ਨੂੰ ਦੱਸਿਆ ਕਿ ਕਮੇਟੀ ਨੇ ਸਰਬਸਮਤੀ ਨਾਲ ਸੁਸ਼ੀਲ ਨੂੰ ਇਹ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਐਵਾਰਡ 'ਚ ਇਕ ਲੱਖ ਰੁਪਏ ਦਾ ਨਗਦ ਪੁਰਸਕਾਰ, ਪ੍ਰਸ਼ਾਸਿਤ ਪੱਤਰ ਤੇ ਗੁਰੂ ਹਨੂਮਾਨ ਦੀ ਟਰਾਫੀ ਦਿੱਤੀ ਜਾਵੇਗੀ। ਸਤਪਾਲ ਨੇ ਦੱਸਿਆ ਕਿ 2008 ਦੇ ਬੀਜਿੰਗ ਓਲੰਪਿਕ 'ਚ ਜਦੋਂ ਸੁਸ਼ੀਲ ਨੇ ਕਾਂਸੀ ਤਮਗਾ ਜਿੱਤਿਆ ਸੀ ਤਾਂ ਉਨ੍ਹਾਂ ਨੇ ਆਪਣਾ ਤਮਗਾ ਗੁਰੂ ਹਨੂਮਾਨ ਨੂੰ ਸਮਰਪਿਤ ਕੀਤਾ ਸੀ, ਜਿਨ੍ਹਾਂ ਨੇ ਹਮੇਸ਼ਾ ਇਹ ਸੁਪਨਾ ਦੇਖਿਆ ਸੀ ਕਿ ਉਸਦਾ ਕੋਈ ਸਟੂਡੈਂਟ ਦੇਸ਼ ਲਈ ਓਲੰਪਿਕ ਤਮਗਾ ਜਿੱਤੇਗਾ।