ਏਸ਼ੀਆਈ ਖੇਡਾਂ ਦੀ ਤਿਆਰੀ ਲਈ ਜਾਰਜੀਆ ਜਾਣਗੇ ਸੁਸ਼ੀਲ
Wednesday, Aug 01, 2018 - 07:28 PM (IST)

ਮੁੰਬਈ : ਭਾਰਤ ਦੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਦੀਆਂ ਨਜ਼ਰਾਂ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਹਾਸਲ ਕਰਨ 'ਤੇ ਲੱਗੀਆਂ ਹਨ ਜਿਸਦੀ ਤਿਆਰੀ ਲਈ ਹੁਣ ਉਹ ਜਾਰਜੀਆ 'ਚ ਹੀ ਅਭਿਆਸ ਕਰਨਗੇ। ਉਹ ਇੰਡੋਨੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਭਾਰਤ ਪਰਤਣਗੇ। ਲੰਡਨ ਓਲੰਪਿਕ ਖੇਡਾਂ ਦੇ 66 ਕਿ.ਗ੍ਰਾ ਦੇ ਚਾਂਦੀ ਤਮਗਾ ਜੇਤੂ ਫ੍ਰੀਸਟਾਈਲ ਪਹਿਲਵਾਨ ਨੇ ਅੱਜ ਇੰਟਰਵਿਊ ਦੌਰਾਨ ਕਿਹਾ, '' ਮੈਂ ਕੁਸ਼ਤੀ ਦੇ ਚਾਰ ਸਾਲ ਬਾਅਦ ਵਾਪਸੀ ਗੋਲਡਕੋਸਟ ਦੇ ਰਾਸ਼ਟਰਮੰਡਲ ਖੇਡਾਂ ਦੌਰਾਨ ਕੀਤੀ ਸੀ ਜਿਸ 'ਚ ਮੈਂ 74 ਕਿ.ਗ੍ਰਾ ਵਰਗ 'ਚ ਸੋਨ ਤਮਗਾ ਜਿੱਤਿਆ ਸੀ। ਮੈਂ ਅਜੇ ਫਾਰਮ 'ਚ ਹਾਂ। ਮੈਂ ਭਾਰਤੀ ਕੁਸ਼ਤੀ ਮਹਾਸੰਘ ਦੀ ਸਿਫਾਰਿਸ਼ 'ਤੇ 10 ਦਿਨਾ ਦੇ ਅਭਿਆਸ ਦੇ ਲਈ ਜਾਰਜੀਆ ਜਾ ਰਿਹਾ ਹਾਂ।
ਉਥੇ ਹੀ ਸੁਸ਼ੀਲ ਨੇ ਜਾਰਜੀਆ 'ਚ ਅਭਿਆਸ ਬਾਰੇ ਕਿਹਾ, '' ਉਥੇ ਅਲੱਗ-ਅਲੱਗ ਤਰ੍ਹਾਂ ਦੇ ਪਹਿਲਵਾਨ ਟੱਕਰ ਦੇ ਲਈ ਮੌਜੂਦ ਹੁੰਦੇ ਹਨ। ਮੁਕਾਬਲੇ ਵੀ ਸਖਤ ਹੁੰਦੇ ਹਨ ਕਿਉਂਕਿ ਅਜਰਬੇਜਾਨ ਅਤੇ ਤੁਰਕੀ ਦੇ ਪਹਿਲਵਾਨ ਉਥੇ ਟਰੇਨਿੰਗ ਲਈ ਪਹੁੰਚਦੇ ਹਨ। ਰਿਓ ਓਲੰਪਿਕ ਦੀ 58 ਕਿ.ਗ੍ਰਾ ਮਹਿਲਾ ਵਰਗ 'ਚ ਕਾਂਸੀ ਤਮਗਾ ਜਿੱਤਣ ਵਾਲੀ ਸਾਕਸ਼ੀ ਮਲਿਕ ਏਸ਼ੀਆਡ 'ਚ 62 ਕਿ.ਗ੍ਰਾ 'ਚ ਹਿੱਸਾ ਲਵੇਗੀ। ਉਨ੍ਹਾਂ ਕਿਹਾ, '' ਮੈਂ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਾਂਗੀ। ਜਾਪਾਨ ਅਤੇ ਚੀਨ ਦੇ ਪਹਿਲਵਾਨਾਂ ਤੋਂ ਸਖਤ ਚੁਣੌਤੀ ਮਿਲਣ ਦੀ ਉਮੀਦ ਹੈ। ਏਸ਼ੀਆਈ ਖੇਡਾਂ 'ਚ ਚਾਰ ਸਾਲ ਪਹਿਲਾਂ ਚਾਂਦੀ ਤਮਗਾ ਜਿੱਤਣ ਵਾਲੇ ਬਜਰੰਗ ਪੂਨੀਆ 65 ਕਿ.ਗ੍ਰਾ 'ਚ ਚੁਣੌਤੀ ਪੇਸ਼ ਕਰਨਗੇ। ਬਜਰੰਗ ਨੇ ਪਿਛਲੇ ਮਹੀਨੇ ਜਾਰਜੀਆ ਅਤੇ ਤੁਰਕੀ 'ਚ ਦੋ ਅੰਤਰਰਾਸ਼ਟਰੀ ਖਿਤਾਬ ਆਪਣੇ ਨਾਂ ਕੀਤੇ। ਇਸ ਤੋਂ ਇਲਾਵਾ ਬਜਰੰਗ ਨੇ ਕਿਹਾ ਕਿ ਏਸ਼ੀਆਈ ਖੇਡਾਂ 'ਚ ਸਾਰੇ ਵਿਰੋਧੀ ਖਿਡਾਰੀ ਮਜ਼ਬੂਤ ਹਨ। ਇਸ ਲਈ ਕਿਸੇ ਨੂੰ ਵੀ ਹਲਕੇ 'ਚ ਨਹੀਂ ਲਿਆ ਜਾ ਸਕਦਾ।