ਵਨਡੇ ’ਚ ਵਧੀਆ ਪ੍ਰਦਰਸ਼ਨ ਦੀ ਕੋਸ਼ਿਸ਼ ’ਚ ਸੂਰਯਕੁਮਾਰ, ਇਨ੍ਹਾਂ ਖਿਡਾਰੀਆਂ ’ਤੇ ਵੀ ਰਹਿਣਗੀਆਂ ਨਜ਼ਰਾਂ
Thursday, Jul 27, 2023 - 01:41 AM (IST)
ਬ੍ਰਿਜਟਾਊਨ (ਭਾਸ਼ਾ)–ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ’ਚ ਸੂਰਯਕੁਮਾਰ ਯਾਦਵ ਇਸ ਸਵਰੂਪ ’ਚ ਆਪਣਾ ਪ੍ਰਦਰਸ਼ਨ ਬਿਹਤਰ ਕਰਨਾ ਚਾਹੇਗਾ, ਜਦਕਿ ਵਿਕਟਕੀਪਰ ਦੇ ਸਥਾਨ ਲਈ ਈਸ਼ਾਨ ਕਿਸ਼ਨ ਤੇ ਸੰਜੂ ਸੈਮਸਨ ’ਚ ਮੁਕਾਬਲਾ ਹੋਵੇਗਾ। ਭਾਰਤ ਏਸ਼ੀਆ ਕੱਪ ਤੇ ਅਕਤੂਬਰ-ਨਵੰਬਰ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਟੀਮ ਸੰਯੋਜਨ ਤਿਆਰ ਕਰਨ ਦੇ ਮਕਸਦ ਨਾਲ ਇਸ ਲੜੀ ’ਚ ਕੁਝ ਖਿਡਾਰੀਆਂ ਨੂੰ ਅਜ਼ਮਾਉਣਾ ਚਾਹੇਗਾ। ਦੋਵੇਂ ਟੈਸਟਾਂ ਦੀ ਤਰ੍ਹਾਂ ਇਸ ਵਿਚ ਵੀ ਭਾਰਤ ਦਾ ਪੱਲੜਾ ਭਾਰੀ ਰਹਿਣ ਦੀ ਉਮੀਦ ਹੈ ਪਰ ਲੜੀ ’ਚ ਸੂਰਯਕੁਮਾਰ, ਈਸ਼ਾਨ ਕਿਸ਼ਨ, ਸੰਜੂ ਸੈਮਸਨ, ਯੁਜਵੇਂਦਰ ਚਾਹਲ ਤੇ ਉਮਰਾਨ ਮਲਿਕ ਵਰਗੇ ਖਿਡਾਰੀਆਂ ’ਤੇ ਨਜ਼ਰਾਂ ਰਹਿਣਗੀਆਂ।
ਇਹ ਖ਼ਬਰ ਵੀ ਪੜ੍ਹੋ : ਮਸਕਟ ’ਚ ਫਸੀਆਂ ਦੋ ਔਰਤਾਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀਆਂ ਵਾਪਸ (ਵੀਡੀਓ)
ਟੀ-20 ਕ੍ਰਿਕਟ ਦੀ ਆਪਣੀ ਫਾਰਮ ਨਾ ਦੁਹਰਾਆ ਸਕਿਆ ਸੂਰਯਕੁਮਾਰ ਜ਼ਖ਼ਮੀ ਸ਼੍ਰੇਅਸ ਅਈਅਰ ਦੀ ਗੈਰ-ਮੌਜੂਦਗੀ ’ਚ ਚੌਥੇ ਨੰਬਰ ਲਈ ਦਾਅਵਾ ਪੇਸ਼ ਕਰ ਸਕਦਾ ਹੈ। ਆਸਟਰੇਲੀਆ ਵਿਰੁੱਧ ਪਿਛਲੀ ਲੜੀ ’ਚ ਲਗਾਤਾਰ 3 ਮੈਚਾਂ ’ਚ ਪਹਿਲੀ ਹੀ ਗੇਂਦ ’ਤੇ ਆਊਟ ਹੋਏ ਸੂਰਯਕੁਮਾਰ ਨੂੰ ਪਹਿਲੇ ਮੈਚ ’ਚ ਜਗ੍ਹਾ ਮਿਲਣ ਦੀ ਉਮੀਦ ਹੈ। ਉੱਥੇ ਹੀ ਪੱਟ ਦੀ ਸਰਜਰੀ ਤੋਂ ਬਾਅਦ ਪਰਤਿਆ ਕੇ. ਐੱਲ. ਰਾਹੁਲ ਟੀਮ ’ਚ ਵਿਕਟਕੀਪਰ ਦੀ ਭੂਮਿਕਾ ਲਈ ਪ੍ਰਮੁੱਖ ਦਾਅਵੇਦਾਰ ਹੋਵੇਗਾ। ਉਸ ਦੀ ਗ਼ੈਰ-ਮੌਜੂਦਗੀ ’ਚ ਈਸ਼ਾਨ ਤੇ ਸੈਮਸਨ ਕੋਲ ਦੂਜੇ ਵਿਕਟਕੀਪਰ ਦਾ ਦਾਅਵਾ ਪੁਖ਼ਤਾ ਕਰਨ ਦਾ ਮੌਕਾ ਹੈ ਕਿਉਂਕਿ ਰਿਸ਼ਭ ਪੰਤ ਵਿਸ਼ਵ ਕੱਪ ਤੋਂ ਪਹਿਲਾਂ ਫਿੱਟ ਹੁੰਦਾ ਨਹੀਂ ਦਿਸ ਰਿਹਾ। ਸੈਮਸਨ ਨੂੰ ਵੀ ਟੀਮ ਵਿਚੋਂ ਅੰਦਰ-ਬਾਹਰ ਹੋਣ ਦੀ ਆਦਤ ਹੈ ਪਰ 11 ਵਨ ਡੇ ’ਚ 66 ਦੀ ਔਸਤ ਨਾਲ ਦੌੜਾਂ ਬਣਾ ਚੁੱਕੇ ਇਸ ਖਿਡਾਰੀ ਨੂੰ ਉਮੀਦ ਹੈ ਕਿ ਇਸ ਵਾਰ ਉਸ ਨੂੰ ਵੱਧ ਤੋਂ ਵੱਧ ਮੌਕੇ ਮਿਲਣਗੇ। ਟੈਸਟ ਲੜੀ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲਾ ਈਸ਼ਾਨ ਪਹਿਲੇ ਮੈਚ ’ਚ ਵਿਕਟਕੀਪਰ ਹੋਵੇਗਾ, ਜਿਸ ਨਾਲ ਮੱਧਕ੍ਰਮ ’ਚ ਸਥਾਨ ਲਈ ਸੈਮਸਨ ਤੇ ਸੂਰਯਕੁਮਾਰ ਵਿਚਾਲੇ ਮੁਕਾਬਲਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਦੀ ਦਹਾਕਿਆਂ ਦੀ ਉਡੀਕ ਹੋਵੇਗੀ ਖ਼ਤਮ, CM ਮਾਨ ਸੌਂਪਣਗੇ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ
ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਪਾਰੀ ਦਾ ਆਗਾਜ਼ ਕਰਨਗੇ, ਜਿਸ ਕਾਰਨ ਰਿਤੂਰਾਜ ਗਾਇਕਵਾੜ ਨੂੰ ਬਾਹਰ ਰਹਿਣਾ ਪਵੇਗਾ। ਆਈ. ਪੀ. ਐੱਲ. ਤੋਂ ਬਾਅਦ ਤੋਂ ਨਾ ਖੇਡੇ ਉਪ ਕਪਤਾਨ ਹਾਰਦਿਕ ਪੰਡਯਾ ਨੇ 5 ਟੀ-20 ਮੈਚਾਂ ’ਚ ਕਪਤਾਨੀ ਵੀ ਕਰਨੀ ਹੈ, ਜਿਸ ਨਾਲ ਉਸ ਨੂੰ ਵਨ ਡੇ ਲੜੀ ਦੌਰਾਨ ਕਾਰਜਭਾਰ ਪ੍ਰਬੰਧਨ ਦੇ ਤਹਿਤ ਕੁਝ ਮੈਚਾਂ ਤੋਂ ਆਰਾਮ ਵੀ ਦਿੱਤਾ ਜਾ ਸਕਦਾ ਹੈ। ਗੇਂਦਬਾਜ਼ੀ ’ਚ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਕੋਲ ਇਹ ਇਕ ਹੋਰ ਮੌਕਾ ਹੈ। ਉਹ 7 ਵਨ ਡੇ ’ਚ 13 ਵਿਕਟਾਂ ਲੈ ਚੁੱਕਾ ਹੈ। ਆਸਟਰੇਲੀਆ ਵਿਰੁੱਧ ਪਿਛਲੀ ਲੜੀ ’ਚ ਕੁਲਦੀਪ ਯਾਦਵ ਨੂੰ ਚਾਹਲ ’ਤੇ ਤਵੱਜੋ ਮਿਲੀ ਸੀ ਪਰ ਇਸ ਵਾਰ ਚਾਹਲ ਕੋਲ ਮੌਕਾ ਹੈ। ਤੇਜ਼ ਹਮਲੇ ਦੀ ਕਮਾਨ ਮੁਹੰਮਦ ਸਿਰਾਜ ਸੰਭਾਲੇਗਾ, ਜਦਕਿ ਦੂਜੇ ਬਦਲਾਂ ’ਚ ਜੈਦੇਵ ਉਨਾਦਕਤ, ਮੁਕੇਸ਼ ਕੁਮਾਰ ਤੇ ਸ਼ਾਰਦੁਲ ਠਾਕੁਰ ਹਨ। ਵੈਸਟਇੰਡੀਜ਼ ਵਨ ਡੇ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ ਤੇ ਦੋ ਵਾਰ ਦੀ ਚੈਂਪੀਅਨ ਟੀਮ ਭਾਰਤ ਵਿਰੁੱਧ ਚੰਗਾ ਪ੍ਰਦਰਸ਼ਨ ਕਰਕੇ ਕੈਰੇਬੀਆਈ ਕ੍ਰਿਕਟ ਨੂੰ ਜਿਊਂਦਾ ਰੱਖਣਾ ਚਾਹੇਗੀ। ਸ਼ਿਮਰੋਨ ਹੈੱਟਮਾਇਰ ਤੇ ਓਸ਼ਾਨੇ ਥਾਮਸ ਦੀ ਵਾਪਸੀ ਟੀਮ ਨੂੰ ਮਜ਼ਬੂਤੀ ਦੇਵੇਗੀ, ਜਿਹੜੇ ਦੋ ਸਾਲ ਬਾਅਦ ਪਰਤੇ ਹਨ।
ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬ ਦੀ ਧੀ ਨੇ ਜਰਮਨੀ ’ਚ ਹਾਸਲ ਕੀਤੀ ਇਹ ਪ੍ਰਾਪਤੀ
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸੰਜੂ ਸੈਮਸਨ, ਇਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜੈਦੇਵ ਉਨਾਦਕਤ, ਮੁਹੰਮਦ ਸਿਰਾਜ, ਉਮਾਰਨ ਮਲਿਕ, ਮੁਕੇਸ਼ ਕੁਮਾਰ।
ਵੈਸਟਇੰਡੀਜ਼ ਟੀਮ : ਸ਼ਾਈ ਹੋਪ (ਕਪਤਾਨ), ਰੋਵਮੈਨ ਪਾਵੈੱਲ (ਉਪ ਕਪਤਾਨ), ਐਲਿਕ ਅਥਾਂਜੇ, ਯੈਨਿਕ ਕਾਰੀਆ, ਕੀਸੀ ਕਾਟਰੀ, ਡੋਮਿਨਿਕ ਡ੍ਰੇਕਸ, ਸ਼ਿਮਰੋਨ ਹੈੱਟਮਾਇਰ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਕਾਇਲ ਮੇਅਰਸ, ਗੁਡਾਕੇਸ਼ ਮੋਟੀ, ਜੇਡੇਨ ਸੀਲਸ, ਰੋਮਾਰੀਓ ਸ਼ੈਫਰਡ, ਕੇਵਿਨ ਸਿੰਕਲੇਯਰ, ਓਸ਼ੇਨ ਥਾਮਸ।