ਸੁਨੀਲ ਗਾਵਸਕਰ ਨੇ ਲਿਆ MS ਧੋਨੀ ਦਾ ਆਟੋਗ੍ਰਾਫ, 'ਕੈਪਟਨ ਕੂਲ' ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ
Monday, May 15, 2023 - 12:39 PM (IST)
ਚੇਨਈ (ਭਾਸ਼ਾ)- ਭਾਰਤੀ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਸੁਨੀਲ ਗਾਵਸਕਰ ਨੇ ਐਤਵਾਰ ਨੂੰ ਦੇਸ਼ ਦੇ ਸਭ ਤੋਂ ਸਫਲ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਆਟੋਗ੍ਰਾਫ ਲਿਆ। ਟੈਸਟ ਕ੍ਰਿਕਟ 'ਚ ਸਰਵੋਤਮ ਗੇਂਦਬਾਜ਼ਾਂ ਦੇ ਸਾਹਮਣੇ 10,000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਗਾਵਸਕਰ ਨੇ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਏ ਮੈਚ ਤੋਂ ਬਾਅਦ ਆਪਣੀ ਕਮੀਜ਼ 'ਤੇ ਧੋਨੀ ਦਾ ਆਟੋਗ੍ਰਾਫ ਲਿਆ। ਮੌਜੂਦਾ ਸੀਜ਼ਨ 'ਚ ਚੇਪੌਕ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਦਾ ਇਹ ਆਖਰੀ ਮੈਚ ਸੀ।
ਇਹ ਵੀ ਪੜ੍ਹੋ: ਪ੍ਰੇਮਿਕਾ ਨੇ ਪ੍ਰੇਮੀ ਦੀ ਇੱਛਾ ਵਿਰੁੱਧ ਕਰਾਇਆ ਗਰਭਪਾਤ, ਮਿਲੀ ਦਰਦਨਾਕ ਮੌਤ
ਮੈਚ ਤੋਂ ਬਾਅਦ 41 ਸਾਲਾ ਧੋਨੀ ਟੈਨਿਸ ਰੈਕੇਟ ਅਤੇ ਆਟੋਗ੍ਰਾਫ ਵਾਲੀਆਂ ਟੈਨਿਸ ਗੇਂਦਾਂ ਨਾਲ ਮੈਦਾਨ 'ਤੇ ਆਏ ਅਤੇ ਉੱਥੇ ਮੌਜੂਦ ਦਰਸ਼ਕਾਂ ਨੂੰ ਰੈਕੇਟ ਦੀ ਮਦਦ ਨਾਲ ਗੇਂਦ ਦਿੱਤੀਆਂ। ਇਸ ਦੌਰਾਨ ਗਾਵਸਕਰ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਫਿਰ ਧੋਨੀ ਨੇ ਉਨ੍ਹਾਂ ਦੀ ਕਮੀਜ਼ 'ਤੇ ਆਪਣਾ ਆਟੋਗ੍ਰਾਫ ਦਿੱਤਾ। ਮੌਜੂਦਾ ਸੀਜ਼ਨ ਵਿੱਚ ਜਦੋਂ ਧੋਨੀ ਨੇ ਚੇਨਈ ਲਈ ਕਪਤਾਨ ਦੇ ਰੂਪ ਵਿੱਚ ਆਪਣਾ 200ਵਾਂ ਮੈਚ ਖੇਡਿਆ ਸੀ, ਉਦੋਂ ਗਾਵਸਕਰ ਨੇ ਉਨ੍ਹਾਂ ਨੂੰ ਆਈ.ਪੀ.ਐੱਲ. ਇਤਿਹਾਸ ਵਿੱਚ ਸਭ ਤੋਂ ਵਧੀਆ ਕਪਤਾਨ ਕਰਾਰ ਦਿੱਤਾ ਸੀ।
ਗਾਵਸਕਰ ਨੇ ਇਸ ਸਾਲ 17 ਅਪ੍ਰੈਲ ਨੂੰ ਕਿਹਾ ਸੀ, “ਚੇਨਈ ਸੁਪਰ ਕਿੰਗਜ਼ ਦੀ ਟੀਮ ਮੁਸ਼ਕਲ ਹਾਲਾਤਾਂ ਤੋਂ ਬਾਹਰ ਨਿਕਲਣਾ ਜਾਣਦੀ ਹੈ ਅਤੇ ਇਹ ਧੋਨੀ ਦੀ ਕਪਤਾਨੀ ਵਿੱਚ ਹੀ ਸੰਭਵ ਹੋਇਆ ਹੈ। ਕਿਸੇ ਇੱਕ ਫਰੈਂਚਾਈਜ਼ੀ ਲਈ 200 ਮੈਚਾਂ ਦੀ ਕਪਤਾਨੀ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ, ਕਪਤਾਨੀ ਇੱਕ ਬੋਝ ਵਾਂਗ ਹੁੰਦੀ ਹੈ ਜੋ ਖਿਡਾਰੀ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਹੈ ਪਰ ਮਾਹੀ ਵੱਖਰਾ ਹੈ, ਉਹ ਇੱਕ ਵੱਖਰਾ ਕਪਤਾਨ ਹੈ। ਉਨ੍ਹਾਂ ਵਰਗਾ ਕਪਤਾਨ ਨਾ ਤਾਂ ਕਦੇ ਹੋਇਆ ਹੈ ਅਤੇ ਨਾ ਹੀ ਭਵਿੱਖ ਵਿੱਚ ਉਨ੍ਹਾਂ ਵਰਗਾ ਕੋਈ ਹੋਵੇਗਾ।' ਧੋਨੀ ਟੀ-20 ਅਤੇ ਵਨਡੇ ਵਿਸ਼ਵ ਕੱਪ ਤੋਂ ਇਲਾਵਾ ਚੈਂਪੀਅਨਸ ਟਰਾਫੀ ਜਿੱਤਣ ਵਾਲੇ ਦੁਨੀਆ ਦੇ ਇਕਲੌਤੇ ਕਪਤਾਨ ਹਨ। ਆਈ.ਪੀ.ਐੱਲ. ਵਿੱਚ ਵੀ ਉਨ੍ਹਾਂ ਨੇ 4 ਖਿਤਾਬ ਵੀ ਜਿੱਤੇ ਹਨ ਅਤੇ ਉਨ੍ਹਾਂ ਦੀ ਟੀਮ ਮੁੰਬਈ ਇੰਡੀਅਨਜ਼ (5 ਖਿਤਾਬ) ਤੋਂ ਬਾਅਦ ਇਸ ਲੀਗ ਵਿੱਚ ਦੂਜੀ ਸਭ ਤੋਂ ਸਫਲ ਟੀਮ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।