ਕੁਸ਼ਤੀ 'ਚ ਕਾਂਸੇ ਦਾ ਤਮਗਾ ਜਿੱਤਣ ਵਾਲੇ ਸਬ-ਇੰਸਪੈਕਟਰ ਨੇ ਵੀ ਮੰਗੀ ਤਰੱਕੀ

03/10/2018 12:11:30 AM

ਜਲੰਧਰ (ਧਵਨ)—ਕੁਸ਼ਤੀ 'ਚ ਕਾਂਸੇ ਦਾ ਤਮਗਾ ਜਿੱਤਣ ਵਾਲੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਵੀ ਪੰਜਾਬ ਸਰਕਾਰ ਤੋਂ ਤਰੱਕੀ ਦੀ ਮੰਗ ਕੀਤੀ ਹੈ। ਹਰਪ੍ਰੀਤ ਸਿੰਘ ਨੇ ਵੀ ਕਿਰਗਿਸਤਾਨ 'ਚ ਹੋਈ ਏਸ਼ੀਆਈ ਰੈਸਲਿੰਗ ਚੈਂਪੀਅਨਸ਼ਿਪ 'ਚ ਮਹਿਲਾ ਰੈਸਲਰ ਨਵਜੋਤ ਕੌਰ ਵਾਂਗ ਪੁਰਸ਼ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਸਲਰ ਨਵਜੋਤ ਕੌਰ ਨੂੰ ਪੰਜ ਲੱਖ ਰੁਪਏ ਦਾ ਨਕਦ ਇਨਾਮ ਅਤੇ ਪੰਜਾਬ ਪੁਲਸ 'ਚ ਡੀ. ਐੱਸ. ਪੀ. ਦਾ ਅਹੁਦਾ ਦੇ ਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ, ਇੰਝ ਹੀ ਹੋਰ ਸਾਰੀਆਂ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਹੈ, ਜਿਸ ਨਾਲ  ਖਿਡਾਰੀਆਂ ਦਾ ਮਨੋਬਲ ਉੱਚਾ ਹੋ ਸਕੇ। ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਸ ਵਿਚ ਤਰੱਕੀ ਦੇ ਕੇ ਸਬ-ਇੰਸਪੈਕਟਰ ਤੋਂ ਡੀ. ਐੱਸ. ਪੀ. ਬਣਾਇਆ ਜਾਵੇ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੇ ਭਾਰਤ ਵਲੋਂ ਲਗਾਤਾਰ 3 ਵਾਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਤਮਗਾ ਜਿੱਤਣ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਲਗਾਤਾਰ ਏਸ਼ੀਆ ਚੈਂਪੀਅਨਸ਼ਿਪ 'ਚ 3 ਵਾਰ ਕਾਂਸੇ ਦਾ ਤਮਗਾ ਨਹੀਂ ਜਿੱਤ ਸਕਿਆ ਸੀ।
ਉਨ੍ਹਾਂ ਕਿਹਾ ਕਿ ਉਸ ਨੇ ਕਾਮਨਵੈਲਥ ਖੇਡਾਂ 'ਚ ਕੁਸ਼ਤੀ ਮੁਕਾਬਲਿਆਂ 'ਚ ਭਾਰਤ ਵਲੋਂ ਸੋਨੇ ਦੇ ਤਮਗੇ ਵੀ ਜਿੱਤੇ ਹਨ ਕਿਉਂਕਿ ਉਹ ਪਹਿਲਾਂ ਹੀ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਦੇ ਅਹੁਦੇ 'ਤੇ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਲਈ ਉਹ ਸਰਕਾਰ ਕੋਲੋਂ ਕੇਵਲ ਆਊਟ ਆਫ ਟਰਨ ਤਰੱਕੀ ਮੰਗ ਰਹੇ ਹਨ, ਜੋ ਕਿ ਮੁੱਖ ਮੰਤਰੀ ਅਤੇ ਡੀ. ਜੀ. ਪੀ. ਲਈ ਮਾਮੂਲੀ ਜਿਹੀ ਗੱਲ ਹੈ। 
ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਭਿਆਸ ਕਰ ਰਹੇ ਹਨ ਅਤੇ ਉਨ੍ਹਾਂ ਦਾ ਟੀਚਾ ਵੀ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਣ ਦਾ ਹੈ ਜੇਕਰ ਸਰਕਾਰ ਉਨ੍ਹਾਂ ਨੂੰ ਤਰੱਕੀ ਦਿੰਦੀ ਹੈ ਤਾਂ ਉਹ ਮਨੋਵਿਗਿਆਨਿਕ ਤੌਰ 'ਤੇ ਹੋਰ ਮਜ਼ਬੂਤ ਹੋਣਗੇ। ਇਸ ਨਾਲ ਉਹ ਭਵਿੱਖ ਵਿਚ ਚੰਗਾ ਪ੍ਰਦਰਸ਼ਨ ਕਰਨ 'ਚ ਸਮਰੱਥ ਹੋ ਸਕਣਗੇ।


Related News