ਧੋਨੀ ਸਿਰਫ ਸਪੱਸ਼ਟੀਕਰਨ ਮੰਗ ਰਿਹਾ ਸੀ, ਫਲੇਮਿੰਗ ਨੇ ਕੀਤਾ ਕੈਪਟਨ ਕੂਲ ਦਾ ਬਚਾਅ
Friday, Apr 12, 2019 - 01:59 PM (IST)
ਜੈਪੁਰ— ਚੇਨਈ ਸੁਪਰਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਸਵੀਕਾਰ ਕੀਤਾ ਕਿ ਨੋ ਬਾਲ ਨੂੰ ਲੈ ਕੇ ਅੰਪਾਇਰ ਨਾਲ ਉਲਝਣ ਲਈ ਮਹਿੰਦਰ ਸਿੰਘ ਧੋਨੀ ਤੋਂ ਸਵਾਲ ਪੁੱਛੇ ਜਾਣਗੇ ਪਰ ਕਪਤਾਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਸਿਰਫ ਸਪੱਸ਼ਟੀਕਰਨ ਮੰਗ ਰਿਹਾ ਸੀ। ਰਾਜਸਥਾਨ ਰਾਇਲਜ਼ ਦੇ ਖਿਲਾਫ ਵੀਰਵਾਰ ਨੂੰ ਰਾਤ ਆਈ.ਪੀ.ਐੱਲ. 'ਚ ਨੋ ਬਾਲ 'ਤੇ ਇਕ ਫੈਸਲੇ ਨੂੰ ਲੈ ਕੇ ਧੋਨੀ ਡਗਆਊਟ ਤੋਂ ਨਿਕਲ ਕੇ ਅੰਪਾਇਰ ਉੱਲਹਾਸ ਗਾਂਧੇ ਨਾਲ ਬਹਿਸ ਕਰਨ ਲੱਗੇ ਸਨ।
ਫਲੇਮਿੰਗ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਉਹ ਉਸ ਫੈਸਲੇ ਤੋਂ ਨਾਰਾਜ਼ ਸੀ ਕਿ ਨੋ ਬਾਲ ਦੇ ਕੇ ਉਸ ਨੂੰ ਵਾਪਸ ਕਿਉਂ ਲਿਆ ਗਿਆ। ਉਹ ਸਪੱਸ਼ਟੀਕਰਨ ਚਾਹੁੰਦਾ ਸੀ। ਆਮ ਤੌਰ 'ਤੇ ਉਹ ਅਜਿਹਾ ਨਹੀਂ ਕਰਦਾ ਅਤੇ ਮੈਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਉਸ ਤੋਂ ਇਹ ਸਵਾਲ ਵਾਰ-ਵਾਰ ਪੁੱਛਿਆ ਜਾਵੇਗਾ।'' ਧੋਨੀ 'ਤੇ ਉਸ ਘਟਨਾ ਲਈ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਫਲੇਮਿੰਗ ਨੇ ਕਿਹਾ, ''ਕੁਝ ਗਲਤਫਹਿਮੀ ਹੋ ਗਈ ਸੀ। ਸਾਨੂੰ ਲੱਗਾ ਕਿ ਗੇਂਦਬਾਜ਼ ਦੇ ਪਾਸਿਓਂ ਅੰਪਾਇਰ ਨੇ ਨੋ ਬਾਲ ਕਿਹਾ ਹੈ। ਇਹ ਗਲਤਫਹਿਮੀ ਬਣੀ ਰਹੀ ਕਿ ਨੋ ਬਾਲ ਸੀ ਜਾਂ ਨਹੀਂ।'' ਉਨ੍ਹਾਂ ਕਿਹਾ, ''ਧੋਨੀ ਸਪੱਸ਼ਟੀਕਰਨ ਚਾਹੁੰਦਾ ਸੀ ਜੋ ਮਿਲ ਨਹੀਂ ਰਿਹਾ ਸੀ। ਇਸ ਲਈ ਉਹ ਜਾ ਕੇ ਅੰਪਾਇਰ ਨਾਲ ਗੱਲ ਕਰਨ ਲੱਗਾ। ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਸਹੀ ਸੀ ਜਾਂ ਨਹੀਂ। ਪਰ ਫੈਸਲੇ ਨੂੰ ਲੈ ਕੇ ਗਲਤਫਹਿਮੀ ਵੀ ਸਹੀ ਨਹੀਂ ਸੀ।''