ਵੇਟਲਿਫਟਿੰਗ 'ਚ ਭਾਰਤ ਦੇ ਹੱਥ ਲੱਗੀ ਨਿਰਾਸ਼ਾ, ਮੈਡਲ ਦੀ ਦੌੜ 'ਚੋਂ ਬਾਹਰ ਹੋਈ ਮੀਰਾਬਾਈ ਚਾਨੂ

Thursday, Aug 08, 2024 - 01:24 AM (IST)

ਸਪੋਰਟਸ ਡੈਸਕ - ਵੇਟਲਿਫਟਿੰਗ 'ਚ ਵੀ ਭਾਰਤ ਲਈ ਨਿਰਾਸ਼ਾਜਨਕ ਖਬਰ ਸਾਹਮਣੇ ਆਈ ਹੈ। ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਮੈਡਲ ਦੀ ਦੌੜ ਤੋਂ ਬਾਹਰ ਹੋ ਗਈ ਹੈ। ਉਹ ਕਲੀਨ ਐਂਡ ਜਰਕ ਦੀ ਤੀਜੀ ਅਤੇ ਆਖਰੀ ਕੋਸ਼ਿਸ਼ ਵਿੱਚ 114 ਕਿਲੋਗ੍ਰਾਮ ਭਾਰ ਨਹੀਂ ਚੁੱਕ ਸਕੀ। ਜਦਕਿ ਉਸ ਦੀ ਪਹਿਲੀ ਕੋਸ਼ਿਸ਼ ਅਸਫਲ ਰਹੀ। ਦੂਜੀ ਕੋਸ਼ਿਸ਼ ਵਿੱਚ ਉਸ ਨੇ 111 ਕਿਲੋਗ੍ਰਾਮ ਭਾਰ ਚੁੱਕਿਆ।

ਇਸ ਤੋਂ ਪਹਿਲਾਂ ਮੀਰਾਬਾਈ ਚਾਨੂ ਨੇ ਆਪਣੀ ਤੀਜੀ ਸਨੈਚ ਕੋਸ਼ਿਸ਼ ਵਿੱਚ ਤਾਕਤ ਦਿਖਾਈ ਅਤੇ 88 ਕਿਲੋ ਭਾਰ ਚੁੱਕਿਆ। ਉਸਨੇ ਆਪਣੀ ਪਹਿਲੀ ਸਨੈਚ ਕੋਸ਼ਿਸ਼ ਵਿੱਚ 85 ਕਿਲੋ ਭਾਰ ਚੁੱਕਿਆ ਸੀ। ਤਿੰਨੋਂ ਸਨੈਚ ਕੋਸ਼ਿਸ਼ਾਂ ਤੋਂ ਬਾਅਦ ਮੀਰਾਬਾਈ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀ। ਮੀਰਾਬਾਈ ਨੇ ਸਨੈਚ ਅਤੇ ਕਲੀਨ ਐਂਡ ਜਰਕ ਨੂੰ ਮਿਲਾ ਕੇ ਕੁੱਲ 199 ਕਿਲੋ ਭਾਰ ਚੁੱਕਿਆ ਅਤੇ ਚੌਥੇ ਸਥਾਨ 'ਤੇ ਰਹੀ।

ਦੱਸਿਆ ਜਾਂਦਾ ਹੈ ਕਿ ਮੀਰਾਬਾਈ ਨੇ ਟੋਕੀਓ ਓਲੰਪਿਕ ਵਿੱਚ ਕੁੱਲ 202 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਚੀਨ ਦੀ ਹੋਊ ਝੀਹੂਈ ਕੁੱਲ 206 ਕਿਲੋਗ੍ਰਾਮ ਭਾਰ ਚੁੱਕ ਕੇ ਚੋਟੀ 'ਤੇ ਰਹੀ, ਜਦਕਿ ਰੋਮਾਨੀਆ ਦੀ ਮਿਹਾਏਲਾ ਵੈਲਨਟੀਨਾ ਨੇ ਕੁੱਲ 205 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਥਾਈਲੈਂਡ ਦੀ ਖਾਂਬਾਓ ਸੂਰੋਦਚਨਾ ਨੇ ਕੁੱਲ 200 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ।


Inder Prajapati

Content Editor

Related News