ਇਸ ਚੈਂਪੀਅਨ ਖਿਡਾਰੀ ਨੇ ਟੀਮ ਇੰਡੀਆ ਨੂੰ ਦਿੱਤਾ 'ਜਿੱਤ ਦਾ ਮੰਤਰ' ; 'ਖ਼ਿਤਾਬ ਜਿੱਤਣਾ ਹੈ ਤਾਂ...'
Friday, Mar 07, 2025 - 04:38 PM (IST)

ਸਪੋਰਟਸ ਡੈਸਕ- ਪਾਕਿਸਤਾਨ ਤੇ ਦੁਬਈ 'ਚ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 9 ਮਾਰਚ ਨੂੰ ਦੁਬਈ ਵਿਖੇ ਖੇਡਿਆ ਜਾਣਾ ਹੈ। ਭਾਰਤੀ ਟੀਮ ਆਸਟ੍ਰੇਲੀਆ, ਜਦਕਿ ਨਿਊਜ਼ੀਲੈਂਡ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਹੈ।
ਇਸ ਦੌਰਾਨ ਭਾਰਤ ਦੇ ਸਾਬਕਾ ਬੱਲੇਬਾਜ਼ ਅੰਬਾਤੀ ਰਾਇਡੂ ਨੇ ਭਾਰਤੀ ਟੀਮ ਨੂੰ ਕੀਵੀਆਂ 'ਤੇ ਜਿੱਤ ਦਾ ਮੰਤਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਤਿੰਨ ਖਿਡਾਰੀ- ਮਿਸ਼ੇਲ ਸੈਂਟਨਰ, ਰਚਿਨ ਰਵਿੰਦਰਾ ਅਤੇ ਡੇਵੋਨ ਕੌਨਵੇ ਭਾਰਤ ਲਈ ਖ਼ਤਰੇ ਦੀ ਘੰਟੀ ਬਣ ਸਕਦੇ ਹਨ।
ਸਟਾਰ ਆਲਰਾਊਂਡਰ ਰਚਿਨ ਰਵਿੰਦਰਾ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਪੇਸ ਅਤੇ ਸਪਿਨ ਦੋਵਾਂ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕਰਨ ਦੀ ਕਾਬਲੀਅਤ ਰੱਖਦਾ ਹੈ। ਉਹ ਪਹਿਲਾਂ ਵੀ ਵੱਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ। ਖਿਤਾਬੀ ਮੁਕਾਬਲਾ ਜਿੱਤਣ ਲਈ ਭਾਰਤੀ ਗੇਂਦਬਾਜ਼ਾਂ ਨੂੰ ਰਚਿਨ ਦੀ ਵਿਕਟ ਜਲਦੀ ਕੱਢਣੀ ਪਵੇਗੀ। ਜੇਕਰ ਉਹ ਸੈੱਟ ਹੋ ਗਿਆ ਤਾਂ ਉਸ ਨੂੰ ਰੋਕਣਾ ਭਾਰਤੀ ਗੇਂਦਬਾਜ਼ਾਂ ਲਈ ਵੱਡੀ ਚੁਣੌਤੀ ਸਾਬਿਤ ਹੋਵੇਗੀ।
ਇਸ ਤੋਂ ਬਾਅਦ ਮਿਸ਼ੇਲ ਸੈਂਟਨਰ ਨਿਊਜ਼ੀਲੈਂਡ ਦੇ ਸਭ ਤੋਂ ਤਜਰਬੇਕਾਰ ਸਪਿਨਰਾਂ ਵਿੱਚੋਂ ਇੱਕ ਹੈ ਤੇ ਉਹ ਨਵੀਂ ਅਤੇ ਪੁਰਾਣੀ ਦੋਵਾਂ ਗੇਂਦਾਂ ਨਾਲ ਬੱਲੇਬਾਜ਼ਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। ਰਾਇਡੂ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਨੇ ਫਾਈਨਲ ਮੈਚ ਜਿੱਤਣਾ ਹੈ ਤਾਂ ਸੈਂਟਨਰ ਨੂੰ ਧਿਆਨ ਨਾਲ ਖੇਡਣਾ ਪਵੇਗਾ। ਇਸ ਤੋਂ ਇਲਾਵਾ ਅੰਤ 'ਚ ਆ ਕੇ ਸੈਂਟਨਰ ਲੰਬੇ ਸ਼ਾਟਸ ਲਗਾਉਣ ਦੀ ਵੀ ਚੰਗੀ ਕਾਬਲੀਅਤ ਰੱਖਦਾ ਹੈ।
ਨਿਊਜ਼ੀਲੈਂਡ ਦੇ ਓਪਨਰ ਡੇਵੋਨ ਕੌਨਵੇ ਨਿਊਜ਼ੀਲੈਂਡ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਉਹ ਨਵੀਂ ਗੇਂਦ ਨੂੰ ਬਹੁਤ ਵਧੀਆ ਖੇਡਦਾ ਹੈ ਅਤੇ ਉਸ ਦੇ ਸੈੱਟ ਹੋਣ ਮਗਰੋਂ ਉਸ ਨੂੰ ਆਊਟ ਕਰਨਾ ਵੀ ਕਾਫ਼ੀ ਮੁਸ਼ਕਲ ਹੈ। ਇਸ ਤੋਂ ਇਲਾਵਾ ਉਹ ਵੱਡੀਆਂ ਸ਼ਾਟਸ ਵੀ ਬਹੁਤ ਆਸਾਨੀ ਨਾਲ ਖੇਡ ਕੇ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੀ ਲੈਅ ਵਿਗਾੜ ਸਕਦਾ ਹੈ।
ਇਨ੍ਹਾਂ ਖਿਡਾਰੀਆਂ ਦੇ ਹਾਲੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਅੰਬਾਤੀ ਰਾਇਡੂ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ ਦੇ ਖਿਤਾਬੀ ਮੁਕਾਬਲੇ 'ਚ ਜਿੱਤ ਹਾਸਲ ਕਰਨੀ ਹੈ ਤਾਂ ਇਨ੍ਹਾਂ ਤਿੰਨਾਂ ਖਿਡਾਰੀਆਂ 'ਤੇ ਸ਼ਿਕੰਜਾ ਕੱਸਣਾ ਪਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਮੈਚ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ ਅਤੇ ਭਾਰਤੀ ਪ੍ਰਸ਼ੰਸਕ ਉਮੀਦ ਕਰ ਰਹੇ ਹਨ ਕਿ ਟੀਮ ਇੰਡੀਆ ਨਿਊਜ਼ੀਲੈਂਡ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e