T20 WC ਤੋਂ ਪਹਿਲਾਂ ਸਟਾਰ ਆਲਰਾਊਂਡਰ ਨੂੰ ਲੱਗੀ ਗੰਭੀਰ ਸੱਟ ਤਾਂ ਖੁੱਲ੍ਹ ਗਈ ਇਸ ਖਿਡਾਰੀ ਦੀ ਕਿਸਮਤ

Monday, Jan 19, 2026 - 12:11 PM (IST)

T20 WC ਤੋਂ ਪਹਿਲਾਂ ਸਟਾਰ ਆਲਰਾਊਂਡਰ ਨੂੰ ਲੱਗੀ ਗੰਭੀਰ ਸੱਟ ਤਾਂ ਖੁੱਲ੍ਹ ਗਈ ਇਸ ਖਿਡਾਰੀ ਦੀ ਕਿਸਮਤ

ਜੋਹਾਨਿਸਬਰਗ : 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਤੋਂ ਠੀਕ ਪਹਿਲਾਂ ਦੱਖਣੀ ਅਫ਼ਰੀਕਾ ਦੀ ਟੀਮ ਲਈ ਬੁਰੀ ਖ਼ਬਰ ਆ ਰਹੀ ਹੈ। ਟੀਮ ਦੇ ਧਾਕੜ ਆਲਰਾਊਂਡਰ ਡੋਨੋਵਨ ਫਰੇਰਾ ਮੋਢੇ ਦੀ ਗੰਭੀਰ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਗਾਰ 'ਤੇ ਹਨ। 

ਫੀਲਡਿੰਗ ਦੌਰਾਨ ਲੱਗੀ ਸੱਟ 
ਫਰੇਰਾ ਨੂੰ ਇਹ ਸੱਟ 17 ਜਨਵਰੀ ਨੂੰ SA20 ਲੀਗ ਵਿੱਚ ਜੋਹਾਨਿਸਬਰਗ ਸੁਪਰ ਕਿੰਗਜ਼ ਅਤੇ ਪ੍ਰਿਟੋਰੀਆ ਕੈਪੀਟਲਸ ਵਿਚਕਾਰ ਖੇਡੇ ਗਏ ਮੈਚ ਦੌਰਾਨ ਲੱਗੀ। ਕਵਰ ਬਾਊਂਡਰੀ 'ਤੇ ਫੀਲਡਿੰਗ ਕਰਦੇ ਹੋਏ ਗੇਂਦ ਨੂੰ ਰੋਕਣ ਲਈ ਜਦੋਂ ਉਨ੍ਹਾਂ ਨੇ ਡਾਈਵ ਲਗਾਈ, ਤਾਂ ਉਨ੍ਹਾਂ ਦਾ ਮੋਢਾ ਜ਼ਖਮੀ ਹੋ ਗਿਆ। ਮੈਡੀਕਲ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਮੋਢੇ ਵਿੱਚ ਫਰੈਕਚਰ ਹੈ। ਹਾਲਾਂਕਿ ਉਹ ਦਰਦ ਦੇ ਬਾਵਜੂਦ ਬੱਲੇਬਾਜ਼ੀ ਲਈ ਆਏ ਸਨ, ਪਰ ਸਿਰਫ਼ ਇੱਕ ਗੇਂਦ ਖੇਡ ਕੇ ਹੀ ਉਨ੍ਹਾਂ ਨੂੰ 'ਰਿਟਾਇਰਡ ਹਰਟ' ਹੋ ਕੇ ਵਾਪਸ ਜਾਣਾ ਪਿਆ।

ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਖ਼ਦਸ਼ਾ 
ਮੋਢੇ ਵਿੱਚ ਫਰੈਕਚਰ ਹੋਣ ਕਾਰਨ ਹੁਣ ਫਰੇਰਾ ਨਾ ਸਿਰਫ਼ SA20 ਲੀਗ ਤੋਂ ਬਾਹਰ ਹੋ ਗਏ ਹਨ, ਸਗੋਂ ਉਨ੍ਹਾਂ ਦੇ ਵਿਸ਼ਵ ਕੱਪ ਖੇਡਣ 'ਤੇ ਵੀ ਤਲਵਾਰ ਲਟਕ ਗਈ ਹੈ। ਮਾਹਿਰਾਂ ਅਨੁਸਾਰ, ਇੰਨੀ ਜਲਦੀ ਉਨ੍ਹਾਂ ਦਾ ਫਿੱਟ ਹੋਣਾ ਬਹੁਤ ਮੁਸ਼ਕਲ ਲੱਗ ਰਿਹਾ ਹੈ।

ਰਿਆਨ ਰਿਕਲਟਨ ਦੀ ਖੁੱਲ੍ਹ ਸਕਦੀ ਹੈ ਕਿਸਮਤ 
ਡੋਨੋਵਨ ਫਰੇਰਾ ਦੇ ਬਾਹਰ ਹੋਣ ਦੀ ਸੂਰਤ ਵਿੱਚ ਵਿਕਟਕੀਪਰ ਬੱਲੇਬਾਜ਼ ਰਿਆਨ ਰਿਕਲਟਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਰਿਕਲਟਨ ਨੂੰ ਪਹਿਲਾਂ ਵਿਸ਼ਵ ਕੱਪ ਸਕੁਐਡ ਵਿੱਚ ਜਗ੍ਹਾ ਨਹੀਂ ਮਿਲੀ ਸੀ, ਪਰ ਉਨ੍ਹਾਂ ਦੇ ਮੌਜੂਦਾ ਪ੍ਰਦਰਸ਼ਨ ਨੇ ਚੋਣਕਾਰਾਂ ਦਾ ਧਿਆਨ ਖਿੱਚਿਆ ਹੈ,।

ਰਿਕਲਟਨ ਦਾ SA20 ਵਿੱਚ ਸ਼ਾਨਦਾਰ ਰਿਕਾਰਡ
ਉਹ ਇਸ ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। 9 ਪਾਰੀਆਂ ਵਿੱਚ ਉਨ੍ਹਾਂ ਨੇ 337 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਜੜੇ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 156 ਤੋਂ ਉੱਪਰ ਰਿਹਾ ਹੈ। ਉਨ੍ਹਾਂ ਦੇ ਬੱਲੇ ਤੋਂ ਹੁਣ ਤੱਕ 24 ਛੱਕੇ ਨਿਕਲ ਚੁੱਕੇ ਹਨ।


author

Tarsem Singh

Content Editor

Related News