ਡੋਪਿੰਗ ''ਚ ਫਸੇ ਸ਼੍ਰੀਲੰਕਾ ਦੇ ਬੱਲੇਬਾਜ਼ ਨਿਰੋਸ਼ਨ ਡਿਕਵੇਲਾ, ਤੁਰੰਤ ਮੁਅੱਤਲ
Saturday, Aug 17, 2024 - 12:15 PM (IST)
ਕੋਲੰਬੋ— ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ 'ਤੇ ਡੋਪਿੰਗ ਟੈਸਟ 'ਚ ਅਸਫਲ ਰਹਿਣ ਤੋਂ ਬਾਅਦ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਸ਼੍ਰੀਲੰਕਾ ਕ੍ਰਿਕਟ (ਐੱਸਐੱਲਸੀ) ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਿਕਵੇਲਾ 'ਤੇ ਮੁਅੱਤਲੀ ਤੁਰੰਤ ਲਾਗੂ ਹੋਵੇਗੀ ਅਤੇ ਅਗਲੇ ਨੋਟਿਸ ਤੱਕ ਜਾਰੀ ਰਹੇਗੀ। ਰੀਲੀਜ਼ ਦੇ ਅਨੁਸਾਰ, “ਲੰਕਾ ਪ੍ਰੀਮੀਅਰ ਲੀਗ (ਐੱਲਪੀਐੱਲ) 2024 ਦੌਰਾਨ ਸ਼੍ਰੀਲੰਕਾ ਐਂਟੀ-ਡੋਪਿੰਗ ਏਜੰਸੀ ਦੁਆਰਾ ਕਰਵਾਏ ਗਏ ਟੈਸਟ ਖੇਡ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਐੱਸਐੱਲਸੀ ਦੀ ਵਚਨਬੱਧਤਾ ਦਾ ਹਿੱਸਾ ਹੈ।
ਖੇਡ ਮੰਤਰਾਲੇ ਦੇ ਸਹਿਯੋਗ ਨਾਲ ਅਤੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕ੍ਰਿਕਟ ਨੂੰ ਵਰਜਿਤ ਪਦਾਰਥਾਂ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਜਾਵੇ। ਖੇਡਾਂ ਨੂੰ ਡੋਪਿੰਗ ਦੀਆਂ ਉਲੰਘਣਾਵਾਂ ਤੋਂ ਬਚਾਉਣ ਲਈ ਐੱਸਐੱਲਸੀ ਦੁਆਰਾ ਖੇਡ ਮੰਤਰਾਲੇ ਅਤੇ ਐੱਸਐੱਲਏਡੀਏ ਦੇ ਸਹਿਯੋਗ ਨਾਲ ਘਰੇਲੂ ਟੂਰਨਾਮੈਂਟਾਂ ਦੌਰਾਨ ਇਹ ਟੈਸਟ ਵੀ ਕਰਵਾਏ ਜਾਂਦੇ ਹਨ।
ਡਿਕਵੇਲਾ ਹਾਲ ਹੀ 'ਚ ਸਮਾਪਤ ਹੋਈ ਲੰਕਾ ਪ੍ਰੀਮੀਅਰ ਲੀਗ (ਐੱਸ.ਪੀ.ਐੱਲ.) ਦੌਰਾਨ ਵਿਸ਼ਵ ਡੋਪਿੰਗ ਵਿਰੋਧੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕਰਵਾਏ ਗਏ ਡੋਪਿੰਗ ਟੈਸਟ ਨੂੰ ਪਾਸ ਕਰਨ 'ਚ ਅਸਫਲ ਰਿਹਾ ਹੈ। ਅਗਲੇਰੀ ਜਾਂਚ ਤੱਕ ਉਸ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਡਿਕਵੇਲਾ ਨੇ ਐੱਲਪੀਐੱਲ 2024 ਵਿੱਚ ਗੈਲ ਮਾਰਵੇਲਜ਼ ਟੀਮ ਦੀ ਕਪਤਾਨੀ ਕੀਤੀ ਸੀ। ਉਹ ਆਖਰੀ ਵਾਰ ਮਾਰਚ 2023 ਵਿੱਚ ਰਾਸ਼ਟਰੀ ਟੀਮ ਲਈ ਖੇਡਿਆ ਸੀ। ਇਸ ਸਾਲ ਦੀ ਸ਼ੁਰੂਆਤ 'ਚ ਉਸ ਨੂੰ ਬੰਗਲਾਦੇਸ਼ ਖਿਲਾਫ ਸ਼੍ਰੀਲੰਕਾ ਦੀ ਟੀ-20 ਸੀਰੀਜ਼ 'ਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਉਸ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।