ਜਨਮ ਦਿਨ ''ਤੇ ਖਾਸ : ਜਾਣੋ, ਰਿਧੀਮਾਨ ਸਾਹਾ ਦੇ ਕ੍ਰਿਕਟ ਕਰੀਅਰ ਦੀਆਂ ਉਪਲਬਧੀਆਂ ਬਾਰੇ
Tuesday, Oct 24, 2017 - 12:43 PM (IST)

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਅੱਜ ਆਪਣਾ 33ਵਾਂ ਜਨਮ ਦਿਨ ਮਨਾ ਰਹੇ ਹਨ, ਉਹ ਭਾਰਤੀ ਟੈਸਟ ਟੀਮ ਦੇ ਮਹੱਤਵਪੂਰਨ ਮੈਂਬਰ ਹਨ। ਉਨ੍ਹਾਂ ਦਾ ਜਨਮ 24 ਅਕਤੂਬਰ 1984 ਨੂੰ ਬੰਗਾਲ 'ਚ ਹੋਇਆ ਸੀ। ਜਦੋਂ ਤੋਂ ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ, ਉਦੋਂ ਤੋਂ ਉਨ੍ਹਾਂ ਨੇ ਟੈਸਟ ਮੈਚ ਦੀ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲੀ ਹੈ।
ਆਓ ਜਾਣਦੇ ਹਾਂ ਉਨ੍ਹਾਂ ਦੇ ਕ੍ਰਿਕਟ ਕਰੀਅਰ ਨਾਲ ਜੁੜੀਆਂ ਕੁਝ ਖਾਸ ਗੱਲਾਂ-
ਇਸ ਤਰ੍ਹਾਂ ਮਿਲਿਆ ਟੀਮ ਇੰਡੀਆ 'ਚ ਪ੍ਰਵੇਸ਼
ਇਕ ਇੰਟਰਵਿਊ 'ਚ ਸਾਹਾ ਨੇ ਟੀਮ ਇੰਡੀਆ 'ਚ ਜਗ੍ਹਾ ਮਿਲਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ 2010 'ਚ ਸਾਊਥ ਅਫਰੀਕਾ ਦੇ ਖਿਲਾਫ ਨਾਗਪੁਰ 'ਚ ਪਹਿਲਾ ਟੈਸਟ ਮੈਚ ਸੀ, ਉਦੋਂ ਮੈਨੂੰ ਟੀਮ 'ਚ ਜਗ੍ਹ ਮਿਲੀ, ਕੋਚ ਗੈਰੀ ਕਸਟਰਨ ਨੇ ਸਾਫ ਕਰ ਦਿੱਤਾ ਸੀ ਕਿ ਉਹ ਆਖਰੀ 11 'ਚ ਨਹੀਂ ਹਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਵੀ.ਵੀ.ਐੱਸ. ਲਕਸ਼ਮਣ ਸੱਟ ਕਾਰਨ ਖੇਡ ਨਹੀਂ ਸਕਣਗੇ। ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਰੱਖਿਆ ਗਿਆ, ਪਰ ਪ੍ਰੈਕਟਿਸ ਦੇ ਦੌਰਾਨ ਰੋਹਿਤ ਸਾਹਾ ਨਾਲ ਟਕਰਾਅ ਗਏ ਅਤੇ ਸੱਟ ਦਾ ਸ਼ਿਕਾਰ ਹੋਏ। ਫਿਰ ਥੋੜ੍ਹੀ ਦੇਰ ਬਾਅਦ ਧੋਨੀ ਨੇ ਸਾਹਾ ਦੇ ਕੋਲ ਆ ਕੇ ਕਿਹਾ ਕਿ ਉਹ ਟੀਮ 'ਚ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਆਪਣਾ ਪਹਿਲਾ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ।
ਕ੍ਰਿਕਟ ਕਰੀਅਰ
ਸਾਹਾ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 28 ਟੈਸਟ ਮੈਚ ਖੇਡੇ, ਜਿਸ 'ਚ ਉਨ੍ਹਾਂ ਦਾ ਸਕੋਰ 1112 ਹੈ। ਇਸ ਸਕੋਰ 'ਚ ਉਨ੍ਹਾਂ ਨੇ 99 ਚੌਕੇ 12 ਛੱਕੇ ਲਗਾਏ। ਵਨਡੇ ਕ੍ਰਿਕਟ 'ਚ ਉਨ੍ਹਾਂ ਨੂੰ ਜ਼ਿਆਦਾ ਮੌਕਾ ਨਹੀਂ ਮਿਲਿਆ। ਅਜੇ ਤੱਕ ਉਨ੍ਹਾਂ ਨੇ 9 ਵਨਡੇ ਖੇਡੇ ਹਨ ਜਿਸ 'ਚ ਉਨ੍ਹਾਂ ਦਾ ਸਕੋਰ 41 ਹੀ ਹੈ। ਜਦਕਿ ਆਈ.ਪੀ.ਐੱਲ. 'ਚ ਇਨ੍ਹਾਂ ਨੇ 104 ਮੈਚਾਂ 'ਚ 1557 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 2014 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਕਿੰਗਸ ਇਲੈਵਨ ਪੰਜਾਬ ਦੇ ਲਈ ਖੇਡਦੇ ਹੋਏ ਫਾਈਨਲ 'ਚ ਸੈਂਕੜਾ ਜੜਿਆ ਸੀ।
ਸਾਹਾ ਖੇਡਣਾ ਚਾਹੁੰਦੇ ਹਨ 2019 ਵਿਸ਼ਵ ਕੱਪ
ਰਿਧੀਮਾਨ ਸਾਹਾ ਸਾਲ 2019 ਦੇ ਵਰਲਡ ਕੱਪ 'ਚ ਖੇਡਣਾ ਚਾਹੁੰਦੇ ਹਨ। ਇਕ ਇੰਟਰਵਿਊ ਦੇ ਦੌਰਾਨ ਸਾਹਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਚਾਹੁੰਦੀ ਹੈ ਕਿ ਉਹ 2019 'ਚ ਹੋਣ ਵਾਲੇ ਆਈ.ਸੀ.ਸੀ. ਵਰਲਡ ਕੱਪ 'ਚ ਖੇਡੇ ਅਤੇ ਇਸ ਕਾਰਨ ਉਹ ਜ਼ਿਆਦਾ ਮਿਹਨਤ ਕਰ ਰਹੇ ਹਨ। ਸਾਹਾ ਨੇ ਕਿਹਾ ਕਿ ਉਹ (ਮੇਰੀ ਪਤਨੀ) ਹਮੇਸ਼ਾ ਮੈਨੂੰ ਇਸ ਦੇ ਲਈ ਕਹਿੰਦੀ ਹੈ। ਮੈਂ ਆਪਣੀ ਕੋਸ਼ਿਸ਼ ਕਰ ਰਿਹਾ ਹਾਂ। ਪਰ ਫੈਸਲਾ ਚੋਣਕਰਤਾਵਾਂ ਦੇ ਹੱਥਾਂ 'ਚ ਹੈ।