ਪੈਨਲਟੀ ਸ਼ੂਟਆਊਟ ’ਚ ਜਾਪਾਨ ਨੂੰ ਹਰਾ ਕੇ ਕੋਰੀਆ ਬਣਿਆ ਚੈਂਪੀਅਨ

12/23/2021 10:35:59 AM

ਢਾਕਾ (ਵਾਰਤਾ)- ਪਹਿਲੀ ਵਾਰ ਫਾਈਨਲ ਖੇਡ ਰਹੇ ਦੱਖਣੀ ਕੋਰੀਆ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਏਸ਼ੀਆਈ ਖੇਡਾਂ ਦੇ ਜੇਤੂ ਜਾਪਾਨ ਨੂੰ ਬੁੱਧਵਾਰ ਪੈਨਲਟੀ ਸ਼ੂਟਆਊਟ ’ਚ 4-2 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਕੋਰੀਆ ਦੀ ਟੀਮ ਨੇ ਮੁਕਾਬਲੇ ’ਚ ਬੜ੍ਹਤ ਬਣਾਈ ਪਰ ਅਗਲੇ 2 ਕੁਆਰਟਰ ’ਚ ਉਹ 3 ਗੋਲ ਖਾ ਕੇ 1-3 ਨਾਲ ਪੱਛੜ ਗਈ। ਕੋਰੀਆ ਨੇ ਵਾਪਸੀ ਕਰਦੇ ਹੋਏ ਆਖ਼ਰੀ ਕੁਆਰਟਰ ’ਚ 2 ਗੋਲ ਕੀਤੇ ਅਤੇ ਸਕੋਰ ਆਖਰੀ ਮਿੰਟ ’ਚ 3-3 ਨਾਲ ਬਰਾਬਰ ਕਰ ਦਿੱਤਾ। ਕੋਰੀਆ ਨੇ ਆਪਣਾ ਆਖ਼ਰੀ ਗੋਲ ਮੈਚ ਦੇ ਆਖ਼ਰੀ ਮਿੰਟ ’ਚ ਕੀਤਾ। ਮੈਚ ਫਿਰ ਫ਼ੈਸਲੇ ਲਈ ਪੈਨਲਟੀ ਸ਼ੂਟਆਊਟ ’ਚ ਚਲਾ ਗਿਆ। ਸ਼ੂਟਆਊਟ ’ਚ ਕੋਰੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ 4-2 ਨਾਲ ਜਿੱਤ ਹਾਸਲ ਕਰ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਕੋਰੀਆ ਦਾ ਇਸ ਤੋਂ ਪਹਿਲਾਂ ਟੂਰਨਾਮੈਂਟ ’ਚ ਸਰਵਸ਼੍ਰੇਸ਼ਠ ਪ੍ਰਦਰਸ਼ਨ 2016 ’ਚ ਚੌਥਾ ਸਥਾਨ ਰਿਹਾ ਸੀ।

ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

ਪਹਿਲੀ ਵਾਰ ਫਾਈਨਲ ’ਚ ਪਹੁੰਚੀ ਕੋਰੀਆਈ ਟੀਮ ਨੇ ਮੈਚ ਦੇ 8ਵੇਂ ਮਿੰਟ ’ਚ ਗੋਲ ਕਰ ਕੇ 1-0 ਦੀ ਬੜ੍ਹਤ ਲੈ ਲਈ। ਜਿਯੋਂਗ ਜੁਨਵੋ ਨੇ ਸ਼ਾਨਦਾਰ ਫੀਲਡ ਗੋਲ ਦਾਗ ਕੇ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਕੋਰੀਆ ਨੇ ਆਪਣੇ ਡਿਫੈਂਸ ਨੂੰ ਵੀ ਮਜ਼ਬੂਤ ਰੱਖਿਆ। ਇਸ ਨਾਲ ਪਹਿਲਾ ਕੁਆਰਟਰ 1-0 ਦੇ ਸਕੋਰ 'ਤੇ ਸਮਾਪਤ ਹੋਇਆ। ਦੂਜੇ ਕੁਆਰਟਰ ’ਚ ਜਾਪਾਨ ਨੇ ਪਲਟਵਾਰ ਕੀਤਾ। ਲੀ ਹਾਯਸਿਯੰਗ ਨੇ 24ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰ ਕੇ ਸਕੋਰ ਨੂੰ 1-1 ਕਰ ਦਿੱਤਾ। ਜਾਪਾਨ ਇੱਥੇ ਹੀ ਨਹੀਂ ਰੁਕਿਆ ਅਤੇ ਦੂਜੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ 29ਵੇਂ ਮਿੰਟ ਵਿਚ ਇਕ ਹੋਰ ਗੋਲ ਕਰਕੇ 2-1 ਦੀ ਬੜ੍ਹਤ ਬਣਾ ਲਈ। ਜਾਪਾਨ ਨੇ ਇਸ ਦੇ ਬਾਅਦ ਤੀਜੇ ਕੁਆਰਟਰ ਵਿਚ ਵੀ ਲੈਅ ਨੂੰ ਬਰਕਰਾਰ ਰੱਖਿਆ ਅਤੇ 38ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ 3-1 ਦੀ ਬੜ੍ਹਤ ਬਣਾ ਲਈ। ਮੈਚ ਦੇ 55ਵੇਂ ਮਿੰਟ ਵਿਚ ਕੋਰੀਆ ਦੇ ਜੋਂਗਹਿਊਨ ਜੇਂਗ ਨੇ ਪੈਨਲਟੀ ਕਾਰਨਰ 'ਤੇ ਟੀਮ ਦਾ ਦੂਜਾ ਗੋਲ ਕੀਤਾ ਅਤੇ ਫਿਰ ਆਖ਼ਰੀ ਮਿੰਟ ਵਿਚ ਮਿਲੇ ਇਕ ਹੋਰ ਪੈਨਲਟੀ ਕਾਰਨਰ 'ਤੇ 3-3 ਦੀ ਬਰਾਬਰੀ ਕਰਨ ਵਾਲਾ ਗੋਲ ਕਰ ਦਿੱਤਾ। ਮੈਚ ਇਸੇ ਸਕੋਰ ’ਤੇ ਸਮਾਪਤ ਹੋਇਆ ਅਤੇ ਜੇਤੂ ਐਲਾਨ ਕਰਨ ਲਈ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਥੇ ਕੋਰੀਆ ਨੇ ਬਾਜ਼ੀ ਮਾਰ ਲਈ। ਕੋਰੀਆ ਨੇ ਸ਼ੂਟਆਊਟ ’ਚ 4 ਗੋਲ ਦਾਗੇ, ਜਦਕਿ ਜਾਪਾਨ ਦੀ ਟੀਮ 2 ਗੋਲ ਹੀ ਕਰ ਸਕੀ।

ਇਹ ਵੀ ਪੜ੍ਹੋ : BWF ਰੈਂਕਿੰਗ : ਕਿਦਾਂਬੀ ਸ਼੍ਰੀਕਾਂਤ ਦੀ ਟੌਪ 10 'ਚ ਵਾਪਸੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News