ਮੀਂਹ ਭਿੱਜੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਲੜੀ 'ਚ 1-0 ਦੀ ਬੜ੍ਹਤ ਕੀਤੀ ਹਾਸਲ
Wednesday, Dec 13, 2023 - 02:44 AM (IST)
ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੁਕਾਬਲਾ ਅੱਜ ਕੈਬਰਾ ਦੇ ਸੇਂਟ ਜਾਰਜ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਮੀਂਹ ਪ੍ਰਭਾਵਿਤ ਇਸ ਮੈਚ 'ਚ ਭਾਰਤ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਟਾਸ ਜਿੱਤ ਕੇ ਦੱਖਣੀ ਅਫਰੀਕਾ ਨੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਭਾਰਤੀ ਟੀਮ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ 19.3 ਓਵਰਾਂ 'ਚ 7 ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ। ਭਾਰਤੀ ਕਪਤਾਨ ਸੂਰਿਆਕੁਮਾਰ ਅਤੇ ਰਿੰਕੂ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜੇ ਲਗਾਏ।
ਇਸ ਦੌਰਾਨ ਮੈਚ 'ਚ ਮੀਂਹ ਨੇ ਰੁਕਾਵਟ ਪਾ ਦਿੱਤੀ ਤੇ ਦੱਖਣੀ ਅਫਰੀਕਾ ਨੂੰ ਡਕਵਰਥ ਲੂਇਸ ਤਹਿਤ ਜਿੱਤ ਲਈ 15 ਓਵਰਾਂਂ 'ਚ 152 ਦੌੜਾਂ ਦਾ ਟੀਚਾ ਦਿੱਤਾ ਗਿਆ। ਇਸ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਦੋਵਾਂ ਓਪਨਰਾਂ ਰੀਜ਼ਾ ਹੈਂਡ੍ਰਿਕਸ ਤੇ ਮੈਥਿਊ ਬ੍ਰੀਟਜ਼ਕੀ ਨੇ ਪਹਿਲੀ ਵਿਕਟ ਲਈ 3 ਓਵਰਾਂ 'ਚ 42 ਦੌੜਾਂ ਜੋੜ ਦਿੱਤੀਆਂ। ਇਸ ਦੌਰਾਨ ਰਵਿੰਦਰ ਜਡੇਜਾ ਨੇ ਮੈਥਿਊ ਬ੍ਰੀਟਜ਼ਕੀ ਨੂੰ 16 ਦੌੜਾਂ 'ਤੇ ਰਨ ਆਊਟ ਕਰ ਦਿੱਤਾ। ਰੀਜ਼ਾ ਹੈਂਡ੍ਰਿਕਸ ਵੀ ਸ਼ਾਨਦਾਰ 49 ਦੌੜਾਂ ਬਣਾ ਕੇ ਕੁਲਦੀਪ ਯਾਦਵ ਦਾ ਸ਼ਿਕਾਰ ਬਣਿਆ ਤੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ।
ਕਪਤਾਨ ਏਡਨ ਮਾਰਕ੍ਰਮ ਨੇ ਵੀ 30 ਦੌੜਾਂ ਦੀ ਤੇਜ਼ ਪਾਰੀ ਖੇਡੀ ਤੇ ਮੁਕੇਸ਼ ਕੁਮਾਰ ਦੀ ਗੇਂਦ 'ਤੇ ਮੁਹੰਮਦ ਸਿਰਾਜ ਹੱਥੋਂ ਕੈਚ ਆਊਟ ਹੋ ਗਿਆ। ਹੈਨਰਿਕ ਕਲਾਸੇਨ ਵੀ ਸਸਤੇ 'ਚ ਆਊਟ ਹੋ ਗਿਆ। ਡੇਵਿਡ ਮਿਲਰ ਨੇ ਵੀ 12 ਗੇਂਦਾਂ 'ਚ 17 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਇਸ ਤੋਂ ਬਾਅਦ ਟ੍ਰਿਸਟਨ ਸਟੱਬਸ ਤੇ ਐਂਡਿਲ ਫੇਲੁਕਵਾਇਓ ਨੇ 14 ਓਵਰਾਂ ਦੇ ਅੰਦਰ ਹੀ 152 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਦੱਖਣੀ ਅਫਰੀਕਾ ਨੇ 7 ਗੇਂਦਾਂ ਬਾਕੀ ਰਹਿੰਦਿਆਂ ਹੀ 5 ਵਿਕਟਾਂ ਨਾਲ ਜਿੱਤ ਦਰਜ ਕਰ ਲਈ ਹੈ।