ਧੋਨੀ ਨੂੰ ਵਨ ਡੇ ''ਚ ਨੰਬਰ 4 ''ਤੇ ਹੀ ਖੇਡਣਾ ਚਾਹੀਦਾ ਹੈ : ਗਾਂਗੁਲੀ
Saturday, Jan 19, 2019 - 02:07 PM (IST)

ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਮੈਲਬੋਰਨ 'ਚ 4 ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਮਹਿੰਦਰ ਸਿੰਘ ਧੋਨੀ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ। ਹਾਲਾਂਕਿ ਮੈਚ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਸਾਫ ਕਿਹਾ ਕਿ ਧੋਨੀ ਲਈ ਨੰਬਰ ਪੰਜ ਠੀਕ ਹੈ ਅਤੇ ਟੀਮ ਨੰਬਰ ਚਾਰ ਲਈ ਪ੍ਰਯੋਗ ਕਰਦੀ ਰਹੇਗੀ। ਹਾਲਾਂਕਿ ਸਾਬਕਾ ਕਪਤਾਨ ਸੌਰਵ ਗਾਂਗੁਲੀ ਇਸ ਨਾਲ ਸਹਿਮਤੀ ਨਹੀਂ ਰਖਦੇ। ਉਨ੍ਹਾਂ ਦਾ ਮੰਨਣਾ ਹੈ ਧੋਨੀ ਨੂੰ ਨੰਬਰ ਚਾਰ 'ਤੇ ਹੀ ਖੇਡਣਾ ਚਾਹੀਦਾ ਹੈ।
ਪੱਤਰਕਾਰਾਂ ਨੂੰ ਦਿੱਤੇ ਬਿਆਨ 'ਚ ਗਾਂਗੁਲੀ ਨੇ ਕਿਹਾ,''ਜਿਸ ਤਰ੍ਹਾਂ ਨਾਲ ਧੋਨੀ ਨੇ ਇਸ ਸੀਰੀਜ਼ 'ਚ ਬੱਲੇਬਾਜ਼ੀ ਕੀਤੀ ਹੈ, ਅਸੀਂ ਕਾਫੀ ਲੰਬੇ ਸਮੇਂ ਬਾਅਦ ਉਸ ਨੂੰ ਇਸ ਤਰ੍ਹਾਂ ਖੇਡਦੇ ਹੋਏ ਦੇਖਿਆ ਹੈ। ਭਾਰਤ ਨੇ ਚੰਗਾ ਖੇਡਿਆ ਅਤੇ 1-0 ਨਾਲ ਪਿਛੜਨ ਦੇ ਬਾਅਦ 2-1 ਨਾਲ ਸੀਰੀਜ਼ ਜਿੱਤੀ। ਐਡੀਲੇਡ ਵਨ ਡੇ ਦੇ ਬਾਅਦ ਧੋਨੀ ਬਾਰੇ ਬਹੁਤ ਕੁਝ ਕਿਹਾ ਗਿਆ, ਜਿੱਥੇ ਉਸ ਨੇ ਹੌਲੀ ਬੱਲੇਬਾਜ਼ੀ ਕੀਤੀ ਸੀ ਪਰ ਅਸੀਂ ਇਹ ਗੱਲ ਕਹੀ ਕਿ ਕਿਸ ਤਰ੍ਹਾਂ ਉਸ ਪਾਰੀ ਨੇ ਉਸ ਨੂੰ ਆਤਮਵਿਸ਼ਵਾਸ ਦਿੱਤਾ ਅਤੇ ਇਹੋ ਹੋਇਆ।''
ਵਨ ਡੇ ਟੀਮ ਕਾਂਬੀਨੇਸ਼ਨ ਬਾਰੇ ਗਾਂਗੁਲੀ ਨੇ ਕਿਹਾ,''ਮੈਨੂੰ ਲਗਦਾ ਹੈ ਕਿ ਕੇਦਾਰ ਨੰਬਰ ਪੰਜ 'ਤੇ ਖੇਡੇਗਾ ਅਤੇ ਧੋਨੀ ਚਾਰ 'ਤੇ। ਇਸ ਲਈ ਮੈਨੂੰ ਲਗਦਾ ਹੈ ਕਿ ਭਾਰਤ ਇਸੇ ਕਾਂਬੀਨੇਸ਼ਨ ਦੇ ਨਾਲ ਅੱਗੇ ਆਵੇਗਾ, ਸਿਰਫ ਇਸ ਲਈ ਕਿਉਂਕਿ ਤੁਸੀਂ ਕਿਸੇ ਨੂੰ ਮੌਕਾ ਦਿੱਤਾ ਅਤੇ ਉਨ੍ਹਾਂ ਨੇ ਇਸ ਦਾ ਲਾਹਾ ਲਿਆ। ਇਸ ਲਈ ਤਿੰਨ 'ਤੇ ਕੋਹਲੀ, ਚਾਰ 'ਤੇ ਧੋਨੀ ਅਤੇ ਪੰਜ 'ਤੇ ਜਾਧਵ ਅਤੇ ਫਿਰ ਕਾਰਤਿਕ।'' ਆਖਰ ਧੋਨੀ ਨੂੰ ਨੰਬਰ ਚਾਰ 'ਤੇ ਬੱਲੇਬਾਜ਼ੀ ਕਿਉਂ ਕਰਨੀ ਚਾਹੀਦੀ ਹੈ, ਇਸ ਬਾਰੇ 'ਚ ਗੱਲ ਕਰਦੇ ਹੋਏ ਸਾਬਕਾ ਕ੍ਰਿਕਟਰ ਨੇ ਕਿਹਾ, ''ਨੰਬਰ ਚਾਰ ਧੋਨੀ ਲਈ ਸਹੀ ਹੈ ਕਿਉਂਕਿ ਇਸ ਨਾਲ ਉਸ ਨੂੰ ਸੈੱਟ ਹੋਣ, ਦੌੜਾਂ ਬਣਾਉਣੀਆਂ ਅਤੇ ਪਾਰੀ ਬਣਾਉਣ ਦਾ ਮੌਕਾ ਮਿਲਦਾ ਹੈ। ਇਸ ਲਈ ਇਹ ਕਾਂਬੀਨੇਸ਼ਨ ਸਹੀ ਹੈ।''