ਸਮ੍ਰਿਤੀ-ਹਰਮਨਪ੍ਰੀਤ ਦੀਆਂ ਪਾਰੀਆਂ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਦੂਜੇ ਟੈਸਟ ''ਚ ਹਰਾਇਆ
Sunday, Jun 26, 2022 - 11:01 AM (IST)

ਦਾਂਬੁਲਾ- ਕਪਤਾਨ ਹਰਮਨਪ੍ਰੀਤ ਕੌਰ ਦੇ ਗੇਂਦ ਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰਦੇ ਹੋਏ ਸੀਰੀਜ਼ ਆਪਣੇ ਨਾਂ ਕਰ ਲਈ। ਤਜਰਬੇਕਾਰ ਉੱਪ-ਕਪਤਾਨ ਸਮਿ੍ਤੀ ਮੰਧਾਨਾ (39) ਤੋਂ ਇਲਾਵਾ ਸ਼ੇਫਾਲੀ ਵਰਮਾ (17) ਤੇ ਸਭਿਨੇਨੀ ਮੇਘਨਾ (17) ਦੀ ਮਦਦ ਨਾਲ ਭਾਰਤ ਨੇ 126 ਦੌੜਾਂ ਦਾ ਟੀਚਾ 19.1 ਓਵਰਾਂ ਵਿਚ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਸ਼ੁੱਭਮਨ ਗਿੱਲ ਦੀ ਭੈਣ Shahneel Gill ਬਿਕਨੀ 'ਚ ਆਈ ਨਜ਼ਰ, ਬੀਚ 'ਤੇ ਕੀਤੀ ਮਸਤੀ, Video
ਟੀਚਾ ਇੰਨਾ ਵੱਡਾ ਵੀ ਨਹੀਂ ਸੀ ਪਰ ਭਾਰਤੀ ਟੀਮ ਇਸ ਸੌਖੇ ਟੀਚੇ ਦਾ ਪਿੱਛਾ ਕਰਦੇ ਹੋਏ ਲੜਖੜਾ ਗਈ ਜਿਸ ਤੋਂ ਬਾਅਦ ਹਰਮਨਪ੍ਰੀਤ ਨੇ 32 ਗੇਂਦਾਂ ਵਿਚ ਅਜੇਤੂ 31 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਸ਼੍ਰੀਲੰਕਾ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਹ ਸੱਤ ਵਿਕਟਾਂ 'ਤੇ 125 ਦੌੜਾਂ ਹੀ ਬਣਾ ਸਕੀ। ਤੀਜਾ ਤੇ ਆਖ਼ਰੀ ਟੀ-20 ਸੋਮਵਾਰ ਨੂੰ ਇੱਥੇ ਖੇਡਿਆ ਜਾਵੇਗਾ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ ਕਪਤਾਨ ਚਾਮਾਰੀ ਅਟਾਪੱਟੂ (43) ਤੇ ਵਿਸ਼ਮੀ ਗੁਣਾਰਤਨੇ (45) ਦੀ ਮਦਦ ਨਾਲ ਚੰਗੀ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਨੇ ਸ਼੍ਰੀਲੰਕਾ ਲਈ ਪਹਿਲੀ ਵਿਕਟ ਲਈ ਟੀ-20 ਵਿਚ 87 ਦੌੜਾਂ ਦੀ ਸਰਬੋਤਮ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤੀ ਗੇਂਦਬਾਜ਼ ਵਿਕਟਾਂ ਲੈਣ ਲਈ ਬੇਤਾਬ ਦਿਖਾਈ ਦਿੱਤੀਆਂ ਪਰ ਅਟਾਪੱਟੂ ਤੇ ਗੁਣਾਰਤਨੇ ਦੇ ਆਊਟ ਹੋਣ ਤੋਂ ਬਾਅਦ ਸ੍ਰੀਲੰਕਾ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ ਤੇ ਟੀਮ ਇੰਨਾ ਘੱਟ ਸਕੋਰ ਬਣਾ ਸਕੀ।
ਇਹ ਵੀ ਪੜ੍ਹੋ : ਰਣਜੀ ਟਰਾਫੀ 'ਚ ਫਿਰ ਦਿੱਸਿਆ ਸਿੱਧੂ ਮੂਸੇਵਾਲਾ ਦਾ ਕ੍ਰੇਜ਼, ਹੁਣ ਇਸ ਬੱਲੇਬਾਜ਼ ਨੇ ਮਨਾਇਆ ਜਸ਼ਨ
ਦੀਪਤੀ ਸ਼ਰਮਾ (2/34) ਯਕੀਨੀ ਤੌਰ 'ਤੇ ਸਰਬੋਤਮ ਗੇਂਦਬਾਜ਼ ਰਹੀ ਪਰ ਰਾਧਾ ਯਾਦਵ ਤੇ ਪੂਜਾ ਵਸਤ੍ਰਾਕਰ ਨੇ ਵੀ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਜਿਸ ਨਾਲ ਭਾਰਤ ਨੂੰ ਸ਼ਿਕੰਜਾ ਕੱਸਣ 'ਚ ਮਦਦ ਮਿਲੀ। ਇਸ ਮੈਚ ਵਿਚ ਹਰਮਨਪ੍ਰੀਤ ਕੌਰ ਨੇ ਸਾਬਕਾ ਕਪਤਾਨ ਮਿਤਾਲੀ ਰਾਜ ਦੇ ਟੀ-20 ਵਿਚ ਭਾਰਤ ਵੱਲੋਂ ਸਭ ਤੋਂ ਵੱਧ 2364 ਦੌੜਾਂ ਦੇ ਸਕੋਰ ਨੂੰ ਪਾਰ ਕੀਤਾ। ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਹਰਮਨਪ੍ਰੀਤ ਕੌਰ ਦੀਆਂ 2372 ਦੌੜਾਂ ਹੋ ਗਈਆਂ ਹਨ। ਉਹ ਮਿਤਾਲੀ ਰਾਜ ਨੂੰ ਪਿੱਛੇ ਛੱਡ ਕੇ ਇਸ ਫਾਰਮੈਟ ਵਿਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਬੱਲੇਬਾਜ਼ ਬਣ ਗਈ ਹੈ। ਉਨ੍ਹਾਂ ਨੇ 123 ਮੈਚਾਂ ਦੀਆਂ 111 ਪਾਰੀਆਂ ਵਿਚ 26.65 ਦੀ ਔਸਤ ਨਾਲ ਇੰਨੀਆਂ ਦੌੜਾਂ ਬਣਾਈਆਂ। ਮਿਤਾਲੀ ਨੇ 89 ਮੈਚਾਂ ਦੀਆਂ 84 ਪਾਰੀਆਂ ਵਿਚ 37.52 ਦੀ ਔਸਤ ਨਾਲ 2364 ਦੌੜਾਂ ਬਣਾਈਆਂ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।