ਚੀਨ ਓਪਨ ’ਚ ਜਿੱਤੇ ਸਿਨਰ, ਜਾਪਾਨ ਓਪਨ ’ਚ ਹਾਰੇ ਫ੍ਰਿਟਜ਼

Friday, Sep 27, 2024 - 01:42 PM (IST)

ਬੀਜਿੰਗ– ਟਾਪ ਰੈਂਕਿੰਗ ਵਾਲੇ ਖਿਡਾਰੀ ਯਾਨਿਕ ਸਿਨਰ ਨੇ ਕੱਲ੍ਹ ਭਾਵ ਵੀਰਵਾਰ ਨੂੰ ਇਥੇ ਪਹਿਲੇ ਦੌਰ ’ਚ ਨਿਕੋਲਸ ਜੈਰੀ ਨੂੰ ਸਖਤ ਮੁਕਾਬਲੇ ’ਚ ਹਰਾ ਕੇ ਚੀਨ ਓਪਨ ਟੈਨਿਸ ਟੂਰਨਾਮੈਂਟ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਸਿਨਸਿਨਾਟੀ ਅਤੇ ਅਮਰੀਕੀ ਓਪਨ ਦਾ ਖਿਤਾਬ ਜਿੱਤਣ ਵਾਲੇ ਇਟਲੀ ਦੇ ਸਿਨਰ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ 4-6, 6-3, 6-1 ਨਾਲ ਜਿੱਤ ਹਾਸਲ ਕੀਤੀ ਅਤੇ ਆਪਣੀ ਜਿੱਤ ਦੀ ਲੜੀ ਨੂੰ 12 ਤੱਕ ਪਹੁੰਚਾਇਆ।
ਪਿਛਲੇ 52 ਹਫਤਿਆਂ ’ਚ ਸਿਨਰ ਨੇ 76 ਮੈਚ ਜਿੱਤੇ ਹਨ ਜਦਕਿ 6 ਮੁਕਾਬਲਿਆਂ ’ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਿਨਰ ਅਗਲੇ ਦੌਰ ’ਚ ਵਾਈਲਡ ਕਾਰਡਧਾਰੀ ਸਟੇਨ ਵਾਵਰਿੰਕਾ ਅਤੇ ਰੋਮਨ ਸੈਫੀਯੁਲਿਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ। ਐਡ੍ਰੀਅਨ ਮਨਾਰਿਨੋ ਨੇ ਵੀ ਇਕ ਸੈੱਟ ਤੋਂ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਲੋਰੇਂਜੋ ਸੋਨੇਗੋ ਨੂੰ 1-6, 6-2, 6-3 ਨਾਲ ਹਰਾ ਕੇ ਟੂਰ ’ਤੇ 300ਵੀਂ ਜਿੱਤ ਦਰਜ ਕੀਤੀ।
ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਅਤੇ ਦੂਜਾ ਦਰਜਾ ਹਾਸਲ ਕਾਰਲੋਸ ਅਲਕਾਰੇਜ ਨੇ ਸ਼ੁੱਕਰਵਾਰ ਨੂੰ 51ਵੇਂ ਨੰਬਰ ਦੇ ਖਿਡਾਰੀ ਫ੍ਰਾਂਸ ਦੇ ਜਿਓਵਾਨੀ ਐਪੇਟਸ਼ੀ ਪੈਰੀਕਾਰਡ ਨੂੰ ਹਰਾਇਆ ਸੀ। ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ’ਚ ਕੈਮਿਲਾ ਰਾਖੀਮੋਵਾ, ਜੇਨਾ ਫੇਟ, ਕੈਮਿਲਾ ਓਸੋਰਿਓ, ਐਲਿਸਾਬੇਟਾ ਕੋਸਿਆਰੇਟੋ ਅਤੇ ਨਾਦੀਆ ਪੋਦੋਰੋਸਕਾ ਨੇ ਜਿੱਤ ਹਾਸਲ ਕੀਤੀ। ਦੂਜੇ ਪਾਸੇ ਟੋਕੀਓ ’ਚ ਜਾਪਾਨ ਓਪਨ ’ਚ ਚੋਟੀ ਦਰਜਾ ਹਾਸਲ ਟੇਲਰ ਫ੍ਰਿਟਜ਼ ਨੂੰ ਦੁਨੀਆ ਦੇ 24ਵੇਂ ਨੰਬਰ ਦੇ ਖਿਡਾਰੀ ਫ੍ਰਾਂਸ ਦੇ ਆਰਥਰ ਫਿਲਸ ਨੇ 6-4, 3-6, 6-3 ਨਾਲ ਹਰਾਇਆ। ਪਿਛਲੇ ਚੈਂਪੀਅਨ ਬੇਨ ਸ਼ੈਲਟਨ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਰਿਲੀ ਔਪਲਕਾ ਨੂੰ 3-6, 6-1, 6-4 ਨਾਲ ਹਰਾਇਆ। ਦੁਨੀਆ ਦੇ 12ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੂੰ ਅਮਰੀਕਾ ਦੇ ਐਲੈਕਸ ਮਿਕੇਲਸਨ ਨੇ 4-6, 6-1, 6-2 ਨਾਲ ਹਰਾਇਆ।


Aarti dhillon

Content Editor

Related News