ਯਾਮਾਗੁਚੀ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚੀ ਸਿੰਧੂ
Saturday, Aug 04, 2018 - 08:07 PM (IST)

ਨਾਨਜਿੰਗ : ਸਿੰਧੂ ਨੇ ਕੁਆਰਟਰ-ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਇਸ ਤੋਂ ਬਾਅਦ ਸੈਮੀਫਾਈਨਲ 'ਚ ਉਸ ਨੇ ਇਕ ਹੋਰ ਜਾਪਾਨੀ ਖਿਡਾਰੀ ਦੂਜੀ ਸੀਡ ਪ੍ਰਾਪਤ ਯਾਮਾਗੁਚੀ ਦਾ 55 ਮਿੰਟ 'ਚ ਸ਼ਿਕਾਰ ਕਰ ਲਿਆ ਹੈ। ਭਾਰਤੀ ਖਿਡਾਰੀ ਦੇ ਕੋਲ ਹੁਣ ਮਾਰਿਨ ਤੋਂ ਰਿਓ ਓਲੰਪਿਕ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ। ਮਾਰਿਨ ਨੇ ਰਿਓ ਓਲੰਪਿਕ 'ਚ ਸਿੰਧੂ ਨੂੰ ਤਿਨਾ ਸੈੱਟਾਂ 'ਚ ਹਰਾ ਕੇ ਸੋਨ ਤਮਗੇ ਤੋਂ ਵਾਂਝਿਆ ਕਰ ਦਿੱਤਾ ਸੀ। ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਕੁੱਲ 7 ਤਮਗੇ ਜਿੱਤੇ ਹਨ ਪਰ ਉਸਦੇ ਹੱਥ ਹੁਣ ਤੱਕ ਇਕ ਵੀ ਸੋਨ ਤਮਗਾ ਨਹੀਂ ਲੱਗਾ ਹੈ। ਸਿੰਧੂ ਮਾਰਿਨ ਤੋਂ ਸਾਇਨਾ ਦੀ ਹਾਰ ਦਾ ਬਦਲਾ ਵੀ ਲੈ ਸਕਦੀ ਹੈ। ਮਾਰਿਨ ਨੇ ਕੁਆਰਟਰ-ਫਾਈਨਲ 'ਚ ਸਾਇਨਾ ਨੂੰ ਹਰਾਇਆ ਸੀ। ਮਾਰਿਨ ਨੇ ਸੈਮੀਫਾਈਨਲ 'ਚ 6ਵੀਂ ਸੀਡ ਪ੍ਰਾਪਤ ਚੀਨ ਦੀ ਬਿੰਗਜਿਆਓ ਨੂੰ 1 ਘੰਟੇ 9 ਮਿੰਟ 'ਚ 13-21, 21-16, 21-13 ਨਾਲ ਹਰਾਇਆ।