ਸਿੰਧੂ-ਸਾਈਨਾ ਮਲੇਸ਼ੀਆ ਮਾਸਟਰਸ ਦੇ ਦੂਜੇ ਦੌਰ ''ਚ

01/08/2020 7:52:44 PM

ਕੁਆਲਾਲੰਪੁਰ : 6ਵਾਂ ਦਰਜਾ ਪ੍ਰਾਪਤ ਭਾਰਤ ਦੀ ਪੀ. ਵੀ. ਸਿੰਧੂ ਅਤੇ ਸਾਈਨਾ ਨੇਹਵਾਲ ਨੇ ਨਵੇਂ ਸਾਲ ਦੇ ਪਹਿਲੇ ਬੈੱਡਮਿੰਟਨ ਟੂਰਨਾਮੈਂਟ ਮਲੇਸ਼ੀਆ ਮਾਸਟਰਸ ਵਿਚ ਮਹਿਲਾ ਸਿੰਗਲ ਦੇ ਦੂਜੇ ਦੌਰ ਵਿਚ ਜਗਾ ਬਣਾ ਲਈ ਪਰ ਪੁਰਸ਼ ਸਿੰਗਲ ਵਿਚ ਪਰੂਪੱਲੀ ਕਸ਼ਯਪ ਵਿਸ਼ਵ ਦੇ ਨੰਬਰ-1 ਸ਼ਟਲਰ ਜਾਪਾਨ ਦੇ ਕੇਂਤੋ ਮੋਮੋਤਾ ਦੇ ਹੱਥੋਂ ਹਾਰ ਕੇ ਬਾਹਰ ਹੋ ਗਿਆ।

PunjabKesari

ਪਿਛਲੇ ਸਾਲ ਵਿਸ਼ਵ ਚੈਂਪੀਅਨ ਬਣੀ ਸਿੰਧੂ ਨੇ ਮਹਿਲਾ ਸਿੰਗਲ ਦੇ ਪਹਿਲੇ ਦੌਰ ਵਿਚ ਰੂਸ ਦੀ ਏਨੇਜੀਨੀਆ ਕੋਸੇਤਕਾਇਆ ਨੂੰ 21-15, 21-13 ਨਾਲ ਹਰਾਇਆ। ਗੈਰ-ਦਰਜਾ ਪ੍ਰਾਪਤ ਸਾਈਨਾ ਨੇਹਵਾਲ ਨੇ ਬੈਲਜ਼ੀਅਮ ਦੀ ਲਿਯਾਨੇ ਤਾਨ ਨੂੰ 21-15, 21-17 ਨਾਲ ਲਗਾਤਾਰ ਗੇਮਾਂ ਵਿਚ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਪੁਰਸ਼ ਸਿੰਗਲ ਦੇ ਪਹਿਲੇ ਦੌਰ ਵਿਚ 23ਵੀਂ ਰੈਂਕਿੰਗ ਦੇ ਕਸ਼ਯਪ ਨੇ ਚੌਟੀ ਦਾ ਦਰਜਾ ਪ੍ਰਾਪਤ ਮੋਮੋਤਾ ਨੂੰ ਸਖਤ ਚੁਣੌਤੀ ਦਿੱਤੀ ਪਰ ਉਹ ਜਾਪਾਨੀ ਖਿਡਾਰੀ ਤੋਂ ਪਾਰ ਨਹੀਂ ਪਾ ਸਕਿਆ ਅਤੇ 43 ਮਿੰਟ ਵਿਚ 17-21, 16-21 ਨਾਲ ਮੁਕਾਬਲਾ ਗੁਆ ਬੈਠਾ।   ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਵੀ ਪਹਿਲੇ ਹੀ ਦੌਰ ਵਿਚ ਦੂਜਾ ਦਰਜਾ ਪ੍ਰਾਪਤ ਚੀਨੀ ਤਾਈਪੇ ਦੇ ਚੂ ਤਿਏਨ ਚੇਨ ਦੀ ਸਖਤ ਚੁਣੌਤੀ ਝੱਲਣੀ ਪਈ। ਉਹ 30 ਮਿੰਟਾਂ ਵਿਚ ਲਗਾਤਾਰ ਗੇਮਾਂ ਵਿਚ 17-21, 5-21 ਨਾਲ ਮੁਕਾਬਲਾ ਹਾਰ ਗਿਆ। ਇਸ ਤੋਂ ਇਲਾਵਾ ਬੀ. ਸਾਈ ਪ੍ਰਣੀਤ ਨੂੰ ਵੀ ਪਹਿਲੇ ਹੀ ਦੌਰ ਵਿਚ ਡੈਨਮਾਰਕ ਦੇ ਰਾਸਮਸ ਗੇਮਕੇ ਨੇ 21-11, 21-15 ਨਾਲ ਹਰਾਇਆ।


Related News