ਪੈਰਿਸ ਓਲੰਪਿਕ ਦੀ ਨਿਰਾਸ਼ਾ ਤੋਂ ਬਾਅਦ ਵਾਪਸੀ ਕਰਨਗੇ ਸਿੰਧੂ ਤੇ ਸੇਨ!

Tuesday, Oct 08, 2024 - 11:57 AM (IST)

ਵੰਤਾ (ਫਿਨਲੈਂਡ), (ਭਾਸ਼ਾ)– ਪੈਰਿਸ ਓਲੰਪਿਕ ਵਿਚ ਤਮਗਾ ਜਿੱਤਣ ਵਿਚ ਅਸਫਲ ਰਹੇ ਭਾਰਤ ਦੇ ਸਟਾਰ ਖਿਡਾਰੀ ਪੀ. ਵੀ. ਸਿੰਧੂ ਤੇ ਲਕਸ਼ੈ ਸੇਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਆਰਟਿਕ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਤੋਂ ਕੌਮਾਂਤਰੀ ਪੱਧਰ ’ਤੇ ਵਾਪਸੀ ਕਰਨਗੇ। ਸਿੰਧੂ ਤੇ ਸੇਨ ਦਾ ਓਲੰਪਿਕ ਤੋਂ ਬਾਅਦ ਇਹ ਪਹਿਲਾ ਟੂਰਨਾਮੈਂਟ ਹੋਵੇਗਾ। ਇਨ੍ਹਾਂ ਦੋਵਾਂ ਨੇ ਇਸ ਵਿਚਾਲੇ ਆਪਣੀ ਖੇਡ ਦਾ ਮੁਲਾਂਕਣ ਕਰਨ ਤੇ ਉਸ ਵਿਚ ਲੋੜੀਂਦਾ ਸੁਧਾਰ ਕਰਨ ’ਤੇ ਧਿਆਨ ਦਿੱਤਾ। ਸਿੰਧੂ ਨੇ ਇਸ ਵਿਚਾਲੇ ਆਪਣੇ ਪਿਛਲੇ ਕੋਚ ਇੰਡੋਨੇਸ਼ੀਆ ਦੇ ਐਗਸ ਡਵੀ ਸੈਂਟੋਸੋ ਨਾਲੋਂ ਨਾਤਾ ਤੋੜ੍ਹ ਕੇ ਭਾਰਤ ਦੇ ਅਨੂਪ ਸ਼੍ਰੀਧਰ ਤੇ ਕੈਰੇਬੀਆਈ ਧਾਕੜ ਲੀ ਸਯੂਨ ਇਲ ਨੂੰ ਆਪਣੇ ਨਵੇਂ ਕੋਚ ਦੇ ਰੂਪ ਵਿਚ ਨਿਯੁਕਤ ਕੀਤਾ।

ਦੂਜੇ ਪਾਸੇ ਸੇਨ ਨੇ ਆਪਣੀ ਫਿਟਨੈੱਸ ’ਤੇ ਧਿਆਨ ਦਿੱਤਾ। ਉਸ ਨੇ ਇਸ ਦੌਰਾਨ ਆਪਣਾ ਜ਼ਿਆਦਾਤਰ ਸਮਾਂ ਆਸਟ੍ਰੇਲੀਆ ਦੇ ਰੈੱਡ ਬੁੱਲ ਏਰੇਨਾ ਵਿਚ ਬਿਤਾਇਆ। ਆਰਕਟਿਕ ਓਪਨ ਵਿਚ ਸਿੰਧੂ ਦਾ ਪਹਿਲਾ ਮੁਕਾਬਲਾ ਕੈਨੇਡਾ ਦੀ ਮਿਸ਼ੇਲ ਲੀ ਨਾਲ ਹੋਵੇਗਾ ਜਦਕਿ ਓਲੰਪਿਕ ਵਿਚ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਹਾਰ ਜਾਣ ਵਾਲੇ ਸੇਨ ਦਾ ਮੁਕਾਬਲਾ ਡੈੱਨਮਾਰਕ ਦੇ ਰਾਸਮਸ ਗੇਮਕੇ ਨਾਲ ਹੋਵੇਗਾ।

ਓਲੰਪਿਕ ਵਿਚ 2 ਵਾਰ ਦੀ ਤਮਗਾ ਜੇਤੂ ਸਿੰਧੂ ਜੇਕਰ ਪਹਿਲਾ ਅੜਿੱਕਾ ਪਾਰ ਕਰ ਲੈਂਦੀ ਹੈ ਤਾਂ ਅਗਲੇ ਦੌਰ ਵਿਚ ਉਸਦਾ ਸਾਹਮਣਾ 2022 ਦੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 18 ਸਾਲਾ ਜਾਪਾਨੀ ਖਿਡਾਰਨ ਟੋਮਾਕੋ ਮਿਆਜ਼ਾਕੀ ਨਾਲ ਹੋ ਸਕਦਾ ਹੈ, ਜਿਸ ਹੱਥੋਂ ਉਹ ਇਸ ਸਾਲ ਦੀ ਸ਼ੁਰੂਅਾਤ ਵਿਚ ਸਵਿਸ ਓਪਨ ਵਿਚ ਹਾਰ ਗਈ ਸੀ। ਸੇਨ ਲਈ ਵੀ ਇਹ ਗੇਮਕੇ ਤੋਂ ਬਦਲਾ ਲੈਣ ਦਾ ਮੌਕਾ ਹੋਵੇਗਾ। ਉਹ 2023 ਵਿਚ ਇੰਡੀਆ ਓਪਨ ਵਿਚ ਉਸ ਤੋਂ ਹਾਰ ਗਿਆ ਸੀ। ਜੇਕਰ ਉਹ ਇਸ ਮੈਚ ਨੂੰ ਜਿੱਤਣ ਵਿਚ ਸਫਲ ਰਹਿੰਦਾ ਹੈ ਤਾਂ ਉਸਦਾ ਅਗਲਾ ਮੁਕਾਬਲਾ ਚੀਨੀ ਤਾਈਪੇ ਦੇ 7ਵਾਂ ਦਰਜਾ ਪ੍ਰਾਪਤ ਚੋਓ ਟੀ. ਐੱਨ. ਚੇਨ ਨਾਲ ਹੋ ਸਕਦਾ ਹੈ।

ਸੱਟ ਕਾਰਨ ਚਾਰ ਮਹੀਨੇ ਤੱਕ ਬਾਹਰ ਰਹਿਣ ਤੋਂ ਬਾਅਦ ਮਕਾਊ ਓਪਨ ਵਿਚ ਵਾਪਸੀ ਕਰਨ ਵਾਲਾ ਕਿਦਾਂਬੀ ਸ਼੍ਰੀਕਾਂਤ ਵੀ ਆਰਕਟਿਕ ਓਪਨ ਵਿਚ ਆਪਣੀ ਚੁਣੌਤੀ ਪੇਸ਼ ਕਰੇਗਾ। ਉਹ ਹਮਵਤਨ ਕਿਰਣ ਜਾਰਜ ਤੇ ਸਤੀਸ਼ ਕੁਮਾਰ ਕਰੁਣਾਕਰਣ ਨਾਲ ਕੁਆਲੀਫਾਇਰ ਤੋਂ ਆਪਣੀ ਮੁਹਿੰਮ ਅੱਗੇ ਵਧਾਏਗਾ। ਕੁਆਲੀਫਾਇਰ ਵਿਚ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਦਾ ਮੁਕਾਬਲਾ ਜਾਰਜ ਨਾਲ ਹੋਵੇਗਾ ਜਦਕਿ ਸਤੀਸ਼ ਫਰਾਂਸ ਦੇ ਅਰਨਾਡ ਮਾਰਕਲੇ ਨਾਲ ਭਿੜੇਗਾ।

ਮਹਿਲਾ ਸਿੰਗਲਜ਼ ਵਿਚ ਸਿੰਧੂ ਤੋਂ ਇਲਾਵਾ ਫਾਰਮ ਵਿਚ ਚੱਲ ਰਹੀ ਮਾਲਵਿਕਾ ਬੰਸੋਡ ਤੇ ਆਕਰਸ਼ੀ ਕਸ਼ਯਪ ਵੀ ਆਪਣੀਆਂ ਚੁਣੌਤੀਆਂ ਪੇਸ਼ ਕਰਨਗੀਆਂ। ਚੀਨ ਓਪਨ ਸੁਪਰ 1000 ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੀ ਮਾਲਵਿਕਾ ਪਹਿਲੇ ਦੌਰ ਵਿਚ ਚੀਨੀ ਤਾਇਪੇ ਦੀ ਸੁੰਗ ਸ਼ੂਓ ਯੁਨ ਨਾਲ ਭਿੜੇਗੀ ਜਦਕਿ ਆਕਰਸ਼ੀ ਦਾ ਮੁਕਾਬਲਾ ਜਰਮਨੀ ਦੀ ਯਵੋਨ ਲੀ ਨਾਲ ਹੋਵੇਗਾ। ਇਕ ਹੋਰ ਭਾਰਤੀ ਖਿਡਾਰੀ ਉੱਨਤੀ ਹੁੱਡਾ ਕੁਆਲੀਫਾਇਰ ਵਿਚ ਇਜ਼ਰਾਈਲ ਦੀ ਹੇਲੀ ਨੀਮਨ ਨਾਲ ਭਿੜੇਗੀ। ਪੁਰਸ਼ ਡਬਲਜ਼ ਵਿਚ ਕੋਈ ਭਾਰਤੀ ਹਿੱਸਾ ਨਹੀਂ ਲੈ ਰਿਹਾ ਹੈ ਪਰ ਰਿਤੂਪਰਣਾ ਪਾਂਡਾ ਤੇ ਸਵੇਤਾਪਰਣਾ ਪਾਂਡਾ ਮਹਿਲਾ ਡਬਲਜ਼ ਵਿਚ ਜਦਕਿ ਸਤੀਸ਼ ਤੇ ਆਧਾ ਵਰਿਯਾਥ ਮਿਕਸਡ ਡਬਲਜ਼ ਵਿਚ ਆਪਣੀ ਚੁਣੌਤੀ ਪੇਸ਼ ਕਰਨਗੇ।


Tarsem Singh

Content Editor

Related News