ਸ਼ੁਭਮਨ ਗਿੱਲ ਗੁਹਾਟੀ ਟੈਸਟ ਤੋਂ ਬਾਹਰ, ਰਿਸ਼ਭ ਪੰਤ ਸੰਭਾਲਣਗੇ ਕਪਤਾਨੀ
Friday, Nov 21, 2025 - 02:35 PM (IST)
ਸਪੋਰਟਸ ਡੈਸਕ- ਭਾਰਤ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਦੱਖਣ ਅਫਰੀਕਾ ਖ਼ਿਲਾਫ਼ ਸ਼ਨੀਵਾਰ ਤੋਂ ਗੁਹਾਟੀ 'ਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਤੋਂ ਅਧਿਕਾਰਿਤ ਤੌਰ ‘ਤੇ ਬਾਹਰ ਹੋ ਗਏ ਹਨ। ਕੋਲਕਾਤਾ ਟੈਸਟ ਦੌਰਾਨ ਗਿੱਲ ਦੀ ਗਰਦਨ 'ਚ ਸੱਟ ਲੱਗੀ ਸੀ, ਜਿਸ ਕਰਕੇ ਉਹ ਮੈਚ ਤੋਂ ਬਾਹਰ ਹੋ ਗਏ ਸਨ। ਹੁਣ ਰਿਸ਼ਭ ਪੰਤ ਇਸ ਮਹੱਤਵਪੂਰਨ ਟੈਸਟ 'ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਹਾਲਾਂਕਿ ਕੋਲਕਾਤਾ 'ਚ ਗਿੱਲ ਦੇ ਮੈਦਾਨ ਛੱਡਣ ਤੋਂ ਬਾਅਦ ਪੰਤ ਨੇ ਕਪਤਾਨੀ ਨਿਭਾਈ ਸੀ, ਪਰ ਗੁਹਾਟੀ ਟੈਸਟ ਉਨ੍ਹਾਂ ਦਾ ਪਹਿਲਾ ਅਧਿਕਾਰਿਤ ਟੈਸਟ ਕਪਤਾਨੀ ਮੈਚ ਹੋਵੇਗਾ।
ਗਿੱਲ ਕੋਲਕਾਤਾ ਦੇ ਇਕ ਹਸਪਤਾਲ 'ਚ ਨਿਗਰਾਨੀ ਹੇਠ ਰਹਿਣ ਤੋਂ ਬਾਅਦ 19 ਨਵੰਬਰ ਨੂੰ ਗੁਹਾਟੀ ਪਹੁੰਚੇ ਸਨ ਪਰ ਸ਼ੁੱਕਰਵਾਰ ਸਵੇਰੇ ਬੀਸੀਸੀਆਈ ਦੇ ਬਿਆਨ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਮੈਚ 'ਚ ਹਿੱਸਾ ਨਹੀਂ ਲੈ ਸਕਣਗੇ। ਹੁਣ ਉਹ ਗਰਦਨ ਦੀ ਸੱਟ ਦੀ ਅੱਗੇ ਦੀ ਜਾਂਚ ਲਈ ਮੁੰਬਈ ਜਾਣਗੇ। ਈਐੱਸਪੀਐੱਨ–ਕ੍ਰਿਕਇੰਫੋ ਨੇ ਵੀ ਦੱਸਿਆ ਸੀ ਕਿ ਜਲਦੀ ਖੇਡਣ ‘ਤੇ ਗਿੱਲ ਦੀ ਸੱਟ ਵੱਧਣ ਦਾ ਖਤਰਾ ਹੈ, ਇਸ ਲਈ ਉਨ੍ਹਾਂ ਨੂੰ ਹੋਰ ਆਰਾਮ ਦੀ ਸਲਾਹ ਦਿੱਤੀ ਗਈ ਹੈ।
ਗਿੱਲ ਦੀ ਇਹ ਸਥਿਤੀ 30 ਨਵੰਬਰ ਤੋਂ ਦੱਖਣ ਅਫਰੀਕਾ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 'ਚ ਉਨ੍ਹਾਂ ਦੀ ਚੋਣ ‘ਤੇ ਵੀ ਅਸਰ ਪਾ ਸਕਦੀ ਹੈ। ਇਸ ਸੀਰੀਜ਼ ਲਈ ਟੀਮ 23 ਨਵੰਬਰ ਨੂੰ ਚੁਣੇ ਜਾਣ ਦੀ ਸੰਭਾਵਨਾ ਹੈ। ਗਿੱਲ ਦੀ ਗੈਰਹਾਜ਼ਰੀ 'ਚ ਕੋਈ ਰਿਪਲੇਸਮੈਂਟ ਐਲਾਨਿਆ ਨਹੀਂ ਗਿਆ, ਪਰ ਸਾਈ ਸੁਦਰਸ਼ਨ, ਦੇਵਦੱਤ ਪਡਿਕਲ ਅਤੇ ਨੀਤਿਸ਼ ਕੁਮਾਰ ਰੈੱਡੀ ਵਿਚੋਂ ਕਿਸੇ ਇਕ ਨੂੰ ਮੌਕਾ ਮਿਲ ਸਕਦਾ ਹੈ। ਟੀਮ ਸੰਤੁਲਨ ਨੂੰ ਦੇਖਦੇ ਹੋਏ ਇਨ੍ਹਾਂ 'ਚੋਂ ਕਿਸੇ 2 ਖਿਡਾਰੀਆਂ ਨੂੰ ਵੀ ਜਗ੍ਹਾ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
