ਸ਼ੁਭਮਨ ਗਿੱਲ ਚੁਣਿਆ ਗਿਆ ਜਨਵਰੀ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ

Tuesday, Feb 14, 2023 - 12:00 PM (IST)

ਸ਼ੁਭਮਨ ਗਿੱਲ ਚੁਣਿਆ ਗਿਆ ਜਨਵਰੀ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ

ਦੁਬਈ(ਵਾਰਤਾ)– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਭਾਰਤ ਦੇ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਜਨਵਰੀ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਚੁਣਿਆ ਹੈ। ਆਈ. ਸੀ.ਸੀ. ਨੇ ਸੋਮਵਾਰ ਨੂੰ ਇਸਦਾ ਐਲਾਨ ਕੀਤਾ। ਮਹਿਲਾ ਕ੍ਰਿਕਟਰਾਂ ਵਿਚ ਜਨਵਰੀ ਦੀ ਸਰਵਸ੍ਰੇਸ਼ਠ ਖਿਡਾਰਨ ਦਾ ਐਵਾਰਡ ਇੰਗਲੈਂਡ ਦੀ ਗ੍ਰੇਸ ਸ੍ਰੀਵਾਂਸ ਨੂੰ ਦਿੱਤਾ ਗਿਆ। ਗਿੱਲ ਨੇ ਆਪਣੇ ਹਮਵਤਨ ਮੁਹੰਮਦ ਸਿਰਾਜ ਤੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਨੂੰ ਹਰਾ ਕੇ ਇਹ ਸਨਮਾਨ ਹਾਸਲ ਕੀਤਾ। ਗਿੱਲ ਨੂੰ ਚੋਣਵੇਂ ਮੀਡੀਆ ਪ੍ਰਤੀਨਿਧੀਆਂ, ਆਈ. ਸੀ. ਸੀ. ਹਾਲ ਆਫ ਫੇਮ ਫੇਮਰਸ, ਸਾਬਕਾ ਖਿਡਾਰੀਆਂ ਤੇ ਪ੍ਰਸ਼ੰਸਕਾਂ ਵਲੋਂ ਕੀਤੀ ਗਈ ਵੋਟਿੰਗ ਦੇ ਆਧਾਰ ’ਤੇ ਇਹ ਐਵਾਰਡ ਦਿੱਤਾ ਗਿਆ।

ਗਿੱਲ ਨੇ ਜਨਵਰੀ ’ਚ ਕੁਲ 4 ਸੈਂਕੜੇ ਲਾਏ, ਜਿਨ੍ਹਾਂ ਵਿਚ ਨਿਊਜ਼ੀਲੈਂਡ ਵਿਰੁੱਧ ਵਨ ਡੇ ਮੈਚ ਵਿਚ ਲਾਇਆ ਗਿਆ ਦੋਹਰਾ ਸੈਂਕੜਾ ਵੀ ਸ਼ਾਮਲ ਰਿਹਾ। ਸ਼੍ਰੀਲੰਕਾ ਵਿਰੁੱਧ ਵਨ ਡੇ ਸੀਰੀਜ਼ੀ 116 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੇ ਨਾਲ ਖ਼ਤਮ ਕਰਨ ਵਾਲੇ ਗਿੱਲ ਨੇ ਕੀਵੀ ਟੀਮ ਵਿਰੁੱਧ ਪਹਿਲੇ ਹੀ ਵਨ ਡੇ ਵਿਚ ਗੇਂਦਬਾਜ਼ੀ ਦੀਆਂ ਧੱਜੀਆਂ ਉਡਾਉਂਦੇ ਹੋਏ 149 ਗੇਂਦਾਂ ’ਤੇ 19 ਚੌਕਿਆਂ ਤੇ 9 ਛੱਕਿਆਂ ਦੇ ਨਾਲ 208 ਦੌੜਾਂ ਬਣਾਈਆਂ। ਦੂਜੇ ਵਨ ਡੇ ਵਿਚ ਅਜੇਤੂ 40 ਦੌੜਾਂ ਜੋੜਨ ਤੋਂ ਬਾਅਦ ਉਸ ਨੇ ਤੀਜੇ ਵਨ ਡੇ ਵਿਚ ਵੀ 112 ਦੌੜਾਂ ਦੀ ਪਾਰੀ ਖੇਡੀ। ਗਿੱਲ ਨੇ ਇਸ ਯਾਦਗਾਰ ਸੀਰੀਜ਼ ਦੀਆਂ ਤਿੰਨ ਪਾਰੀਆਂ ਵਿਚ 360 ਦੌੜਾਂ ਬਣਾ ਕੇ ਤਿੰਨ ਮੈਚਾਂ ਦੀ ਲੜੀ ਵਿਚ ਸਭ ਤੋਂ ਵੱਧ ਸਕੋਰ ਬਣਾਉਣ ਦੇ ਮਾਮਲੇ ਵਿਚ ਬਾਬਰ ਆਜ਼ਮ ਦੀ ਬਰਾਬਰੀ ਕਰ ਲਈ ਹੈ।


author

cherry

Content Editor

Related News