ਸ਼੍ਰੇਅਸ ਦੇ ਮੋਢੇ ਦਾ ਸਫ਼ਲ ਆਪਰੇਸ਼ਨ, ਕਿਹਾ ਜਲਦ ਕਰਾਂਗਾ ਵਾਪਸੀ
Thursday, Apr 08, 2021 - 05:20 PM (IST)
ਮੁੰਬਈ (ਭਾਸ਼ਾ) : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮੋਢੇ ਦੀ ਸੱਟ ਦਾ ਆਪਰੇਸ਼ਨ ਸਫ਼ਲ ਰਿਹਾ ਅਤੇ ਉਹ ਜਲਦ ਤੋਂ ਜਲਦ ਮੈਦਾਨ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ। ਅਈਅਰ ਪਿਛਲੇ ਮਹੀਨੇ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਦੌਰਾਨ ਜ਼ਖ਼ਮੀ ਹੋ ਗਏ ਸਨ। ਇਸ ਕਾਰਨ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਤੋਂ ਬਾਹਰ ਹੋ ਗਏ। ਅਈਅਰ ਨੇ ਆਪਣੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ‘ਆਪਰੇਸ਼ਨ ਸਫ਼ਲ ਰਿਹਾ ਅਤੇ ਮੈਂ ਪੁਰੀ ਵਚਨਬੱਧਤਾ ਨਾਲ ਜਲਦ ਤੋਂ ਜਲਦ ਵਾਪਸੀ ਕਰਾਂਗਾ। ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ।’
ਇਹ ਵੀ ਪੜ੍ਹੋ : ਉਥੱਪਾ ਨੂੰ IIM ਕੋਝੀਕੋਡ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ
ਇਹ 26 ਸਾਲਾ ਬੱਲੇਬਾਜ਼ ਪੁਣੇ ਵਿਚ 23 ਮਾਰਚ ਨੂੰ ਪਹਿਲੇ ਵਨਡੇ ਦੌਰਾਨ ਜੌਨੀ ਬੇਯਰਸਟੋ ਦਾ ਸ਼ਾਟ ਰੋਕਣ ਦੀ ਕੋਸ਼ਿਸ਼ ਵਿਚ ਜ਼ਖ਼ਮੀ ਹੋ ਗਿਆ ਸੀ। ਉਹ ਉਦੋਂ ਦਰਦ ਨਾਲ ਤੜਫ ਉਠੇ ਸਨ। ਇਸ ਕਾਰਨ ਉਹ ਇੰਗਲੈਂਡ ਖਿਲਾਫ਼ ਬਾਕੀ ਬਚੇ ਮੈਚਾਂ ਅਤੇ ਆਈ.ਪੀ.ਐਲ. ਤੋਂ ਵੀ ਬਾਹਰ ਹੋ ਗਏ। ਆਈ.ਪੀ.ਐਲ. ਵਿਚ ਦਿੱਲੀ ਕੈਪੀਟਲਸ ਦੇ ਕਪਤਾਨ ਅਈਅਰ 4 ਮਹੀਨੇ ਤੱਕ ਬਾਹਰ ਰਹਿ ਸਕਦੇ ਹਨ। ਉਨ੍ਹਾਂ ਨੇ ਲੰਕਾਸ਼ਰ ਨਾਲ ਵੀ ਕੰਟਰੈਕਟ ਕੀਤਾ ਹੈ ਪਰ ਉਨ੍ਹਾਂ ਦੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵਨਡੇ ਟੂਰਨਾਮੈਂਟ ਵਿਚ ਇੰਗਲਿਸ਼ ਕਾਉਂਟੀ ਟੀਮ ਵੱਲੋਂ ਖੇਡਣ ਦੀ ਸੰਭਾਵਨਾ ਨਹੀਂ ਹੈ। ਅਈਅਰ ਦੀ ਜਗ੍ਹਾ ਦਿੱਲੀ ਕੈਪੀਟਲਸ ਨੇ ਰਿਸ਼ਭ ਪੰਤ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਹੈ।