ਸ਼੍ਰੇਅਸ ਅਈਅਰ ਨੇ ਸ਼ੁਰੂ ਕੀਤੀ ਵਾਪਸੀ ਦੀ ਤਿਆਰੀ, ਸ਼੍ਰੀਲੰਕਾ ਦੌਰੇ ਦੌਰਾਨ ਟੀਮ ਇੰਡੀਆ ਦਾ ਬਣ ਸਕਦੈ ਹਿੱਸਾ
Friday, May 14, 2021 - 07:25 PM (IST)
![ਸ਼੍ਰੇਅਸ ਅਈਅਰ ਨੇ ਸ਼ੁਰੂ ਕੀਤੀ ਵਾਪਸੀ ਦੀ ਤਿਆਰੀ, ਸ਼੍ਰੀਲੰਕਾ ਦੌਰੇ ਦੌਰਾਨ ਟੀਮ ਇੰਡੀਆ ਦਾ ਬਣ ਸਕਦੈ ਹਿੱਸਾ](https://static.jagbani.com/multimedia/2021_5image_19_24_311280748ayiyer.jpg)
ਸਪੋਰਟਸ ਡੈਸਕ : ਇੰਗਲੈਂਡ ਖ਼ਿਲਾਫ਼ ਲਿਮਟਿਡ ਓਵਰਾਂ ਦੀ ਸੀਰੀਜ਼ ਦੌਰਾਨ ਸ਼੍ਰੇਅਸ ਅਈਅਰ ਫੀਲਡਿੰਗ ਕਰਦੇ ਹੋਏ ਜ਼ਖ਼ਮੀ ਹੋ ਗਏ ਸਨ ਤੇ ਉਨ੍ਹਾਂ ਦੇ ਮੋਢੇ ਦੀ ਸਰਜਰੀ ਕਰਵਾਉਣੀ ਪਈ ਸੀ। ਇਸ ਕਾਰਨ ਉਨ੍ਹਾਂ ਨੂੰ ਆਈ. ਪੀ. ਐੱਲ. ਤੋਂ ਬਾਹਰ ਰਹਿਣਾ ਪਿਆ ਸੀ ਪਰ ਹੁਣ ਉਹ ਵਾਪਸੀ ਦੀ ਤਿਆਰੀ ਕਰ ਰਹੇ ਹਨ ਤੇ ਹੋ ਸਕਦਾ ਹੈ ਕਿ ਸ਼੍ਰੀਲੰਕਾ ਦੌਰੇ ’ਤੇ ਉਹ ਭਾਰਤੀ ਟੀਮ ਦਾ ਹਿੱਸਾ ਵੀ ਬਣਨ। ਉਨ੍ਹਾਂ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਉਹ ਹਲਕਾ ਵਰਕਆਊਟ ਕਰਦੇ ਨਜ਼ਰ ਆਏ। ਅਈਅਰ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਵਰਕਆਊਟ ਕਰਦੇ ਨਜ਼ਰ ਆਏ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਅਈਅਰ ਨੇ ਲਿਖਿਆ, ਇਸ ਜਗ੍ਹਾ ਨੂੰ ਦੇਖੋ। ਅਈਅਰ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਤੇ 4.27 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਤੇ ਹਜ਼ਾਰਾਂ ਲੋਕਾਂ ਨੇ ਕੁਮੈਂਟ ਕੀਤੇ ਹਨ। ਅਈਅਰ ਦੇ ਫੈਨਜ਼ ਨੇ ਕੁਮੈਂਟ ’ਚ ਲਿਖਿਆ ਕਿ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ’ਤੇ ਜਾਣ ਦੀ ਗੱਲ ਕਹੀ ਹੈ, ਜਿਸ ’ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਦਿੱਗਜ ਨਹੀਂ ਹੋਣਗੇ। ਇਸ ਦੌਰੇ ਦੇ ਦੌਰਾਨ 3 ਮੈਚਾਂ ਦੀ ਵਨਡੇ ਤੇ 3 ਮੈਚਾਂ ਦੀ ਟੀ-20 ਸੀਰੀਜ਼ ਹੋਣ ਦੀ ਸੰਭਾਵਨਾ ਹੈ। ਇਸ ਸੀਰੀਜ਼ ’ਚ ਅਈਅਰ ਦੇ ਹੋਣ ਦੀ ਵੀ ਸੰਭਾਵਨਾ ਹੈ ਤੇ ਕੁਝ ਰਿਪੋਰਟਾਂ ’ਚ ਤਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹ ਕਪਤਾਨੀ ਸੰਭਾਲ ਸਕਦੇ ਹਨ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਫਿੱਟਨੈੱਸ ਸਾਬਿਤ ਕਰਨੀ ਪਵੇਗੀ, ਜਿਸ ਲਈ ਉਹ ਤਿਆਰੀ ਕਰ ਰਹੇ ਹਨ।