ਮਹਿਲਾ ਹਾਕੀ ਟੀਮ ਦੇ ਕੋਚ ਸ਼ੋਰਡ ਮਾਰਿਨ ਦਾ ਅਸਤੀਫ਼ਾ, ਕਿਹਾ- ਟੀਮ ਇੰਡੀਆ ਦੇ ਨਾਲ ਓਲੰਪਿਕ ਸੀ ਆਖ਼ਰੀ ਟੂਰਨਾਮੈਂਟ

Saturday, Aug 07, 2021 - 04:23 PM (IST)

ਮਹਿਲਾ ਹਾਕੀ ਟੀਮ ਦੇ ਕੋਚ ਸ਼ੋਰਡ ਮਾਰਿਨ ਦਾ ਅਸਤੀਫ਼ਾ, ਕਿਹਾ- ਟੀਮ ਇੰਡੀਆ ਦੇ ਨਾਲ ਓਲੰਪਿਕ ਸੀ ਆਖ਼ਰੀ ਟੂਰਨਾਮੈਂਟ

ਸਪੋਰਟਸ ਡੈਸਕ– ਭਾਰਤੀ ਮਹਿਲਾ ਹਾਕੀ ਟੀਮ ਦੇ ਮੁਖ ਕੋਚ ਸ਼ੋਰਡ ਮਾਰਿਨ ਨੇ ਟੀਮ ਇੰਡੀਆ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਹੈ। ਸ਼ੁੱਕਰਵਾਰ (6 ਅਗਸਤ) ਨੂੰ ਮਾਰਿਨ ਨੇ ਟੋਕੀਓ ਓਲੰਪਿਕ ’ਚ ਭਾਰਤ ਤੇ ਬ੍ਰਿਟੇਨ ਦਰਮਿਆਨ ਕਾਂਸੀ ਤਮਗ਼ੇ ਲਈ ਖੇਡੇ ਗਏ ਮੁਕਾਬਲੇ ’ਚ ਹਾਰ ਦੇ ਬਾਅਦ ਕਿਹਾ ਕਿ ਇਹ ਉਨ੍ਹਾਂ ਦਾ ਭਾਰਤ ਦੇ ਨਾਲ ਆਖ਼ਰੀ ਟੂਰਨਾਮੈਂਟ ਸੀ। ਸ਼ੋਰਡ ਮਾਰਿਨ ਦੀ ਅਗਵਾਈ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।ਉਨ੍ਹਾਂ ਦੇ ਕੋਚਿੰਗ ਨਿਰਦੇਸ਼ਨ ’ਚ ਭਾਰਤੀ ਮਹਿਲਾ ਹਾਕੀ ਪਹਿਲੀ ਵਾਰ ਓਲੰਪਿਕ ਦੇ ਸੈਮੀਫ਼ੀਾਈਨਲ ’ਚ ਪਹੁੰਚਣ ’ਚ ਸਫਲ ਰਹੀ।
ਇਹ ਵੀ ਪੜ੍ਹੋ : PM ਮੋਦੀ ਨੇ ਗੋਲਫ਼ਰ ਅਦਿਤੀ ਅਸ਼ੋਕ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ, ਕਿਹਾ- ਤੁਸੀਂ ਮਿਸਾਲ ਕਾਇਮ ਕੀਤੀ

ਬ੍ਰਿਟੇਨ ਖਿਲਾਫ਼ ਹੋਏ ਕਾਂਸੀ ਤੇ ਤਮਗ਼ੇ ਦੇ ਮੁਕਾਬਲੇ ’ਚ ਭਾਰਤੀ ਮਹਿਲਾ ਹਾਕੀ ਟੀਮ ਨੂੰ 4-3 ਨਾਲ ਹਾਰ ਦੇ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਸ਼ੋਰਡ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਿਹਾ, ਹੁਣ ਮੇਰਾ ਕੋਈ ਪਲਾਨ ਨਹੀਂ ਹੈ। ਇਹ ਭਾਰਤੀ ਮਹਿਲਾ ਹਾਕੀ ਟੀਮ ਦੇ ਨਾਲ ਮੇਰਾ ਆਖ਼ਰੀ ਮੈਚ ਸੀ। ਹੁਣ ਟੀਮ ਜਾਨੇਕਾ ਦੇ ਹਵਾਲੇ ਹੈ।

ਸੂਤਰਾਂ ਦੇ ਹਵਾਲੇ ਤੋਂ ਅਜਿਹਾ ਕਿਹਾ ਜਾ ਰਿਹਾ ਹੈ ਕਿ ਸ਼ੋਰਡ ਮਾਰਿਨ ਤੇ ਵਿਸ਼ਲੇਸ਼ਣਾਤਮਕ ਕੋਚ ਜਾਨੇਕਾ ਸ਼ੋਪਮੈਨ ਦੋਵਾਂ ਦਾ ਸਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ਕਾਰਜਕਾਲ ਵਧਾਉਣ ਦੀ ਗੱਲ ਕਹੀ ਗਈ ਸੀ ਪਰ ਹੈੱਡ ਕੋਚ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ। ਇਸ ਘਟਨਾ ਨਾਲ ਜੁੜੇ ਇਕ ਸੂਤਰ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸ਼ੋਪਮੈਨ ਆਉਣ ਵਾਲੇ ਸਮੇਂ ’ਚ ਭਰਤੀ ਮਹਿਲਾ ਹਾਕੀ ਟੀਮ ਦੇ ਕੋਚ ਹੋ ਸਕਦੇ ਹਨ।
ਇਹ ਵੀ ਪੜ੍ਹੋ : ਦੀਪਕ ਪੂਨੀਆ ਦੀ ਹਾਰ ਮਗਰੋਂ ਕੋਚ ਨੇ ਰੈਫਰੀ ਨਾਲ ਕੀਤੀ ਹੱਥੋਪਾਈ, ਖੇਡ ਪਿੰਡ ਤੋਂ ਕੱਢਿਆ ਗਿਆ ਬਾਹਰ

ਨੀਦਰਲੈਂਡ ਦੇ ਸਾਬਕਾ ਹਾਕੀ ਖਿਡਾਰੀ ਸ਼ੋਰਡ ਮਾਰਿਨ ਨੂੰ ਸਾਲ 2017 ’ਚ ਭਾਰਤੀ ਮਹਿਲਾ ਹਾਕੀ ਟੀਮ ਦਾ ਕੋਚ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਰਸ਼ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ। ਪਰ 2018 ਆਉਂਦੇ-ਆਉਂਦੇ ਉਨ੍ਹਾਂ ਨੂੰ ਫਿਰ ਤੋਂ ਮਹਿਲਾ ਟੀਮ ਦਾ ਕੋਚ ਬਣਾ ਦਿੱਤਾ ਗਿਆ ਸੀ। ਉਨ੍ਹਾਂ ਦਾ ਕੋਚਿੰਗ ਕਰੀਅਰ ਬਿਹਤਰੀਨ ਰਿਹਾ ਹੈ। ਸ਼ੋਰਡ ਮਾਰਿਨ ਕੋਰੋਨਾ ਵਾਇਰਸ ਦੀ ਗਲੋਬਲ ਮਹਾਮਾਰੀ ਦੇ ਚਲਦੇ ਲਾਗੂ ਪਾਬੰਦੀਆਂ ਦੀ ਵਜ੍ਹਾ ਕਰਕੇ ਬੀਤੇ 16 ਮਹੀਨਿਆਂ ’ਚ ਆਪਣੇ ਘਰ ਨਹੀਂ ਜਾ ਸਕੇ। ਉਨ੍ਹਾਂ ਦੇ ਅਸਤੀਫ਼ੇ ਦੀ ਮੁੱਖ ਵਜ੍ਹਾ ਇਸ ਨੂੰ ਮੰਨਿਆ ਜਾ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News