ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਕੋਟਾ ਹਾਸਲ ਕਰ ਸਕਦੀ ਹੈ : ਮਾਰਿਨੇ
Saturday, Jun 08, 2019 - 11:38 AM (IST)

ਭੁਵਨੇਸ਼ਵਰ-— ਮਹਿਲਾ ਹਾਕੀ ਟੀਮ ਦੇ ਕੋਚ ਸ਼ੋਰਡ ਮਾਰਿਨੇ ਦਾ ਮੰਨਣਾ ਹੈ ਕਿ ਅਜਿਹਾ ਕੋਈ ਕਾਰਨ ਨਹੀਂ ਦਿਸਦਾ ਕਿ ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਕਾਬਜ ਭਾਰਤੀ ਟੀਮ ਟੋਕੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੇ। ਓਲੰਪਿਕ 'ਚ 12 ਦੇਸ਼ਾਂ ਦੀਆਂ ਟੀਮਾਂ ਵਿਚਾਲੇ ਖਿਤਾਬੀ ਮੁਕਾਬਲਾ ਹੋਵੇਗਾ। ਭਾਰਤੀ ਟੀਮ ਦੇ ਐੱਫ.ਆਈ.ਐੱਚ. ਮਹਿਲਾ ਹਾਕੀ ਸੀਰੀਜ਼ ਫਾਈਨਲਸ ਲਈ ਹਿਰੋਸ਼ਿਮਾ ਰਵਾਨਾ ਹੋਣ ਤੋਂ ਪਹਿਲਾਂ ਮਾਰਿਨੇ ਨੇ ਉਮੀਦ ਜਤਾਈ ਕਿ ਟੀਮ ਇਸ ਟੂਰਨਾਮੈਂਟ ਰਾਹੀਂ ਓਲੰਪਿਕ ਕੋਟਾ ਹਾਸਲ ਕਰ ਲਵੇਗੀ।
ਮਾਰਿਨੇ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਹਾਂ ਅਤੇ ਓਲੰਪਿਕ 'ਚ 12 ਟੀਮਾਂ ਹਿੱਸਾ ਲੈ ਸਕਦੀਆਂ ਹਨ। ਸਾਡੇ ਲਈ ਇਹ ਅਜਿਹਾ ਟੀਚਾ ਹੈ ਜਿਸ ਨੂੰ ਹਾਸਲ ਕੀਤਾ ਜਾ ਸਕਦਾ ਹੈ।'' ਉਨ੍ਹਾਂ ਕਿਹਾ, ''ਅਸੀਂ ਟੋਕੀਓ 2020 ਓਲੰਪਿਕ ਦਾ ਟਿਕਟ ਕਟਵਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ ਪਰ ਫਿਲਹਾਲ ਸਾਡਾ ਧਿਆਨ ਆਗਾਮੀ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਨ 'ਤੇ ਹੈ।'' ਟੂਰਨਾਮੈਂਟ 'ਚ ਭਾਰਤੀ ਟੀਮ ਸਭ ਤੋਂ ਉੱਚੀ ਰੈਂਕਿੰਗ ਦੀ ਟੀਮ ਹੈ ਜਿਸ ਤੋਂ ਬਾਅਦ ਜਾਪਾਨ (14ਵੀਂ ਰੈਂਕਿੰਗ) ਅਤੇ ਚਿਲੀ (16ਵੀਂ ਰੈਂਕਿੰਗ) ਦਾ ਸਥਾਨ ਹੈ।