ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ''ਚ 10 ਭਾਰਤੀ ਨੌਜਵਾਨਾਂ ਨੇ ਦਿਵਾਏ ਦੋ ਸੋਨ ਤਮਗੇ
Sunday, Sep 02, 2018 - 02:34 PM (IST)

ਨਵੀਂ ਦਿੱਲੀ— ਭਾਰਤ ਨੇ ਕੋਰੀਆ ਦੇ ਚਾਂਗਵਾਨ 'ਚ 52ਵੀਂ ਆਈ.ਐੱਸ.ਐੱਸ.ਐੱਫ. ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਯੁਵਾ ਨਿਸ਼ਾਨੇਬਾਜ਼ਾਂ ਦੀ ਬਦੌਲਤ ਦੋ ਸੋਨ ਅਤੇ ਇਕ ਕਾਂਸੀ ਤਮਗੇ ਦੇ ਨਾਲ ਧਮਾਕੇਦਾਰ ਸ਼ੁਰੂਆਤ ਕੀਤੀ। ਭਾਰਤ ਨੂੰ ਦੋ ਸੋਨ ਤਮਗੇ ਜੂਨੀਅਰ ਵਰਗ 'ਚ ਮਿਲੇ ਹਨ। ਪੁਰਸ਼ਾਂ ਦੀ 50 ਮੀਟਰ ਪਿਸਟਲ ਨਿੱਜੀ ਮੁਕਾਬਲੇ 'ਚ ਅਰਜੁਨ ਸਿੰਘ ਚੀਮਾ ਨੇ ਸੋਨ ਤਮਗਾ ਜਿੱਤਿਆ ਅਤੇ ਇਸੇ ਵਰਗ ਦੇ ਟੀਮ ਮੁਕਾਬਲੇ 'ਚ ਉਨ੍ਹਾਂ ਨੇ ਗੌਰਵ ਰਾਣਾ ਅਤੇ ਅਨਮੋਲ ਜੈਨ ਨਾਲ ਸੋਨ ਤਮਗਾ ਜਿੱਤਿਆ। ਗੌਰਵ ਨੇ ਨਿੱਜੀ ਵਰਗ 'ਚ ਕਾਂਸੀ ਦਾ ਤਮਗਾ ਜਿੱਤਿਆ। ਹਾਲਾਂਕਿ ਸੀਨੀਅਰ ਖਿਡਾਰੀਆਂ ਨੇ ਨਿਰਾਸ਼ ਕੀਤਾ ਅਤੇ ਮਿਕਸਡ ਟੀਮ ਏਅਰ ਰਾਈਫਲ ਅਤੇ ਏਅਰ ਪਿਸਟਲ ਟੀਮਾਂ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀਆਂ
ਅਰਜੁਨ ਨੇ 559 ਦੇ ਸਕੋਰ ਦੇ ਨਾਲ ਆਪਣੇ ਮੁਕਾਬਲੇ 'ਚ ਚੋਟੀ 'ਤੇ ਰਹਿੰਦੇ ਹੋਏ ਸੋਨ ਤਮਗਾ ਜਿੱਤਿਆ ਅਤੇ ਕੋਰੀਆ ਦੇ ਵੁਜੋਂਗ ਕਿਮ (554) ਨੂੰ ਦੂਜੇ ਸਥਾਨ 'ਤੇ ਪਿੱਛੇ ਛੱਡਿਆ ਜਿਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ। ਗੌਰਵ ਨੇ 551 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ। ਇਸ ਤੋਂ ਬਾਅਦ ਅਰਜੁਨ, ਗੌਰਵ ਅਤੇ ਅਨਮੋਲ ਦੀ ਭਾਰਤੀ ਟੀਮ ਨੇ 1659 ਅੰਕਾਂ ਦੇ ਨਾਲ ਟੀਮ ਵਰਗ ਦਾ ਵੀ ਸੋਨ ਤਮਗਾ ਜਿੱਤਿਆ ਅਤੇ ਕੋਰੀਆਈ ਟੀਮ (1640) ਨੂੰ ਪਿੱਛੇ ਛੱਡਿਆ। ਚੀਨ ਦੀ ਟੀਮ ਨੂੰ ਕਾਂਸੀ ਮਿਲਿਆ। 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਮਿਕਸਡ ਟੀਮ ਵਰਗ 'ਚ ਅਪੂਰਵੀ ਚੰਦੀਲਾ, ਰਵੀ ਕੁਮਾਰ 835.6 ਦੇ ਸਕੋਰ ਦੇ ਨਾਲ ਕੁਆਲੀਫਿਕੇਸ਼ਨ 'ਚ ਸਤਵੇਂ ਨੰਬਰ 'ਤੇ ਰਹੇ।
ਸਿਰਫ ਪੰਜ ਟੀਮਾਂ ਹੀ ਫਾਈਨਲ 'ਚ ਪਹੁੰਚੀਆਂ ਜਦਕਿ ਭਾਰਤੀ ਜੋੜੀ ਫਾਈਨਲ 'ਚ ਸਿਰਫ 0.4 ਅੰਕ ਦੇ ਨਾਲ ਪਹੁੰਚਣ ਤੋਂ ਖੁੰਝੀ ਗਈ। ਮਿਕਸਡ ਡਬਲਜ਼ 'ਚ ਹੋਰ ਭਾਰਤੀ ਦੀਪਕ ਕੁਮਾਰ ਅਤੇ ਮੇਹੁਲੀ ਘੋਸ਼ 831.6 ਦੇ ਸਕੋਰ ਦੇ ਨਾਲ 25ਵੇਂ ਨੰਬਰ 'ਤੇ ਰਹੇ। ਏਅਰ ਪਿਸਟਲ ਵਰਗ 'ਚ ਹਿਨਾ ਸਿੱਧੂ ਅਤੇ ਸ਼ਹਿਜ਼ਾਰ ਰਿਜ਼ਵੀ ਦੀ ਮਿਕਸਡ ਟੀਮ ਕੁਆਲੀਫਿਕੇਸ਼ਨ 'ਚ 768 ਦੇ ਸਕੋਰ ਦੇ ਨਾਲ 10ਵੇਂ ਨੰਬਰ 'ਤੇ ਰਹੀ। ਇਸੇ ਵਰਗ 'ਚ ਹੋਰ ਭਾਰਤੀ ਜੋੜੀ ਮਨੂ ਭਾਕਰ ਅਤੇ ਅਭਿਸ਼ੇਕ ਵਰਮਾ 767 ਦੇ ਸਕੋਰ ਦੇ ਨਾਲ 12ਵੇਂ ਨੰਬਰ 'ਤੇ ਰਹਿ ਕੇ ਫਾਈਨਲ 'ਚ ਨਹੀਂ ਪਹੁੰਚ ਸਕੇ।