ਟੋਕੀਓ ਪੈਰਾਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ, ਨਿਸ਼ਾਨੇਬਾਜ਼ੀ ’ਚ ਅਵਨੀ ਲੇਖਰਾ ਨੇ ਰਚਿਆ ਇਤਿਹਾਸ

Monday, Aug 30, 2021 - 09:58 AM (IST)

ਟੋਕੀਓ ਪੈਰਾਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ, ਨਿਸ਼ਾਨੇਬਾਜ਼ੀ ’ਚ ਅਵਨੀ ਲੇਖਰਾ ਨੇ ਰਚਿਆ ਇਤਿਹਾਸ

ਟੋਕੀਓ (ਭਾਸ਼ਾ) : ਭਾਰਤ ਦੀ ਅਵਨੀ ਲੇਖਰਾ ਨੇ ਸੋਮਵਾਰ ਨੂੰ ਇੱਥੇ ਟੋਕੀਓ ਪੈਰਾਲੰਪਿਕ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਦੇ ਕਲਾਸ ਐਸ.ਐਚ.1 ਵਿਚ ਸੋਨਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਅਵਨੀ ਨੇ ਫਾਈਨਲ ਵਿਚ 249.6 ਅੰਕ ਬਣਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਚੀਨ ਦੀ ਝਾਂਗ ਕੁਈਪਿੰਗ (248.9 ਅੰਕ) ਨੂੰ ਪਿੱਛੇ ਛੱਡਿਆ। ਯੂਕਰੇਨ ਦੀ ਇਰਿਆਨਾ ਸ਼ੇਤਨਿਕ (227.5) ਨੇ ਕਾਂਸੀ ਤਮਗਾ ਜਿੱਤਿਆ। ਅਵਨੀ ਪੈਰਾਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ। ਇਹ ਭਾਰਤ ਦਾ ਇਨ੍ਹਾਂ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਵੀ ਪਹਿਲਾ ਤਮਗਾ ਹੈ। ਟੋਕੀਓ ਪੈਰਾਲੰਪਿਕ ਵਿਚ ਵੀ ਇਹ ਦੇਸ਼ ਦਾ ਪਹਿਲਾ ਸੋਨ ਤਮਗਾ ਹੈ। ਪੈਰਾਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਇਹ ਤੀਜੀ ਭਾਰਤੀ ਮਹਿਲਾ ਹੈ।


ਮਹਿਲਾ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਅਤੇ ਹਾਈ ਜੰਪਰ ਨਿਸ਼ਾਦ ਕੁਮਾਰ ਨੇ ਐਤਵਾਰ ਨੂੰ ਚਾਂਦੀ ਦੇ ਤਗਮੇ ਜਿੱਤੇ ਪਰ ਵਿਨੋਦ ਕੁਮਾਰ ਦਾ ਡਿਸਕਸ ਥ੍ਰੋ ਐਫ52 ਈਵੈਂਟ ਵਿਚ ਕਾਂਸੀ ਤਗਮਾ ਉਨ੍ਹਾਂ ਦੇ ਕਲਾਸੀਫਿਕੇਸ਼ਨ ਨੂੰ ਲੈ ਕੇ ਵਿਰੋਧ ਕਾਰਨ ਰੋਕ ਦਿੱਤਾ ਗਿਆ। ਭਾਰਤੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ ਦੀਪਾ ਮਲਿਕ 2016 ਰੀਓ ਪੈਰਾਲੰਪਿਕਸ ਵਿਚ ਸ਼ਾਟ ਪੁਟ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਨ੍ਹਾਂ ਖੇਡਾਂ ਵਿਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਅਵਨੀ ਤੋਂ ਪਹਿਲਾਂ, ਮੁਰਲੀਕਾਂਤ ਪੇਟਕਰ (ਪੁਰਸ਼ ਤੈਰਾਕੀ, 1972), ਦੇਵੇਂਦਰ ਝਾਝਰੀਆ (ਪੁਰਸ਼ਾਂ ਦੀ ਜੈਵਲਿਨ ਥ੍ਰੋ, 2004 ਅਤੇ 2016) ਅਤੇ ਮਰੀਯੱਪਨ ਥੰਗਾਵੇਲੂ (ਪੁਰਸ਼ਾਂ ਦੀ ਉੱਚੀ ਛਾਲ, 2016) ਨੇ ਭਾਰਤ ਵੱਲੋਂ ਪੈਰਾਲੰਪਿਕ ਖੇਡਾਂ ਵਿਚ ਸੋਨ ਤਗਮੇ ਜਿੱਤੇ ਸਨ। ਅਵਨੀ ਨੇ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਰਾਊਂਡ ਵਿਚ 21 ਨਿਸ਼ਾਨੇਬਾਜ਼ਾਂ ਵਿਚੋਂ ਸੱਤਵਾਂ ਸਥਾਨ ਹਾਸਲ ਕਰਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਨੇ 60 ਸੀਰੀਜ਼ ਵਿਚ ਛੇ ਸ਼ਾਟ ਲਗਾਉਣ ਤੋਂ ਬਾਅਦ 621.7 ਦਾ ਸਕੋਰ ਬਣਾਇਆ, ਜੋ ਕਿ ਚੋਟੀ ਦੇ ਅੱਠ ਨਿਸ਼ਾਨੇਬਾਜ਼ਾਂ ਵਿਚ ਜਗ੍ਹਾ ਬਣਾਉਣ ਲਈ ਕਾਫ਼ੀ ਸੀ। ਚੀਨ ਦੇ ਕੁਈਪਿੰਗ ਅਤੇ ਯੂਕਰੇਨ ਦੇ ਸ਼ੇਟਨਿਕ ਨੇ ਕੁਆਲੀਫਿਕੇਸ਼ਨ ਵਿਚ 626.0 ਦੇ ਪੈਰਾਲੰਪਿਕ ਰਿਕਾਰਡ ਨਾਲ ਪਹਿਲੇ 2 ਸਥਾਨ ਹਾਸਲ ਕੀਤੇ ਸਨ।


author

cherry

Content Editor

Related News