ਸ਼ੋਇਬ ਅਖਤਰ ਨੇ ਟੀਮ ਇੰਡੀਆ ਦੀ ਕੀਤੀ ਸ਼ਲਾਘਾ, ਕਿਹਾ- ''ਮਾਰ-ਮਾਰ ਕੰਗਾਰੂਆਂ ਦਾ ਭੜਥਾ ਬਣਾ ਦਿੱਤਾ''

01/20/2020 5:34:15 PM

ਨਵੀਂ ਦਿੱਲੀ : ਬੈਂਗਲੁਰੂ ਦੇ ਮੈਦਾਨ 'ਤੇ ਟੀਮ ਇੰਡੀਆ ਨੇ ਆਸਟਰੇਲੀਆ ਨੂੰ 7 ਵਿਕਟਾਂ ਤੇ 15 ਦੌੜਾਂ ਬਾਕੀ ਰਹਿੰਦਿਆਂ ਹਰਾ ਕੇ 2-1 ਨਾਲ ਸੀਰੀਜ਼ 'ਤੇ ਕਬਜ਼ਾ ਕਰ ਲਿਆ। 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਤੇਜ਼ ਗੇਦਬਾਜ਼ ਸ਼ੋਇਬ ਅਖਤਰ ਨੇ ਭਾਰਤ ਨੂੰ ਨਸੀਹਤ ਦਿੱਤੀ ਸੀ ਕਿ ਉਨ੍ਹਾਂ ਨੂੰ ਆਸਟਰੇਲੀਆ ਖਿਲਾਫ ਹਮਲਾਵਰ ਰੁੱਖ ਅਪਨਾਉਣਾ ਹੋਵੇਗਾ। ਉਸ ਨੇ ਨਾਲ ਹੀ ਕਿਹਾ ਸੀ ਕਿ ਕੋਹਲੀ ਨੂੰ 4 ਨੰਬਰ ਨਹੀਂ 3 ਨੰਬਰ 'ਤੇ ਬੱਲੇਬਾਜ਼ੀ ਕਰਨੀ ਹੋਵੇਗੀ। ਉਸ ਨੇ ਕਿਹਾ ਸੀ ਕਿ ਜੇਕਰ ਭਾਰਤੀ ਟੀਮ ਦੋਬਾਰਾ ਟਾਸ ਹਾਰਦੀ ਹੈ ਤਾਂ ਅਜਿਹਾ ਦੋਬਾਰਾ ਹੋਵੇਗਾ। ਦੂਜੇ ਮੈਚ ਵਿਚ ਆਸਟਰੇਲੀਆਈ ਟੀਮ ਨੇ ਟਾਸ ਜਿੱਤ ਕੇ ਦੋਬਾਰਾ ਗੇਂਦਬਾਜ਼ੀ ਦਾ ਫੈਸਲਾ ਲਿਆ ਪਰ ਇਸ ਵਾਰ ਸਭ ਕੁਝ ਉਲਟਾ ਹੋ ਗਿਆ ਅਤੇ ਇੰਡੀਆ ਨੇ ਆਸਟਰੇਲੀਆ ਨੂੰ 36 ਦੌੜਾਂ ਹਰਾ ਦਿੱਤਾ। ਆਖਰੀ ਅਤੇ ਫੈਸਲਾਕੁੰਨ ਮੁਕਾਬਲੇ ਵਿਚ ਫਿਰ ਟੀਮ ਇੰਡੀਆ ਨੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆਈ ਟੀਮ 'ਤੇ ਹਮਲਾ ਬੋਲ ਦਿੱਤਾ। ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕੰਗਾਰੂ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਈ ਅਤੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਇਸ ਦੌਰਾਨ ਉਸ ਨੇ ਆਪਣਾ 29ਵਾਂ ਸੈਂਕੜਾ ਵੀ ਪੂਰਾ ਕੀਤਾ।

PunjabKesari

ਮੈਚ ਤੋਂ ਬਾਅਦ ਆਪਣੇ ਯੂ. ਟਿਊਬ ਚੈਨਲ 'ਤੇ ਸ਼ੋਇਬ ਅਖਤਰ ਨੇ ਟੀਮ ਇੰਡੀਆ ਦੀ ਰੱਜ ਕੇ ਸ਼ਲਾਘਾ ਕੀਤੀ। ਇਸ ਸਾਬਕਾ ਪਾਕਿ ਗੇਂਦਬਾਜ਼ ਨੇ ਕਿਹਾ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਣੇ ਭਾਰਤੀ ਬੱਲੇਬਾਜ਼ਾਂ ਨੇ ਆਸਟਰੇਲੀਆ ਨੂੰ ਬੱਚਿਆਂ ਦੀ ਤਰ੍ਹਾਂ ਜ਼ਲੀਲ ਕੀਤਾ ਹੈ। ਉਨ੍ਹਾਂ (ਆਸਟਰੇਲੀਆ) ਦੇ ਹਰ ਗੇਂਦਬਾਜ਼ ਦਾ ਮਾਰ-ਮਾਰ ਕੇ ਭੜਥਾ ਬਣਾ ਦਿੱਤਾ। ਇਸ ਵਿਚਾਲੇ ਰੋਹਿਤ ਦੇ ਛੱਕੇ ਨੂੰ ਦੇਖ ਕੇ ਉਸ ਨੂੰ ਸਚਿਨ ਦੀ ਯਾਦ ਆ ਗਈ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਸਚਿਨ ਨੇ ਮੈਨੂੰ ਵਰਲਡ ਕੱਪ ਵਿਚ ਛੱਕਿਆ ਲਾਇਆ ਸੀ, ਅੱਜ ਰੋਹਿਤ ਨੇ ਵੀ ਉਸੇ ਤਰ੍ਹਾਂ ਸ਼ਾਟ ਖੇਡਿਆ ਹੈ। ਸ਼ੋਇਬ ਨੇ ਵਿਰਾਟ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਦੀਮਾਗੀ ਬਹੁਤ ਮਜ਼ਬੂਤ ਅਤੇ ਸ਼ਾਨਦਾਰ ਖਿਡਾਰੀ ਹੈ। ਉੱਥੇ ਹੀ ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ ਦੇ ਨਾਲ-ਨਾਲ ਕੇ. ਐੱਲ. ਰਾਹੁਲ ਉੱਭਰਦੇ ਹੋਏ ਭਾਰਤ ਦੇ ਹੁਨਰਮੰਦ ਖਿਡਾਰੀ ਹਨ।


Related News