ਸ਼ੌਰਿਆ ਸੈਣੀ ਨੇ ਵਿਸ਼ਵ ਰਿਕਾਰਡ ਨਾਲ 50 ਮੀਟਰ ਰਾਈਫਲ 3ਪੀ ’ਚ ਸੋਨ ਤਮਗਾ ਜਿੱਤਿਆ
Saturday, Sep 07, 2024 - 12:12 PM (IST)
ਹਨੋਵਰ– ਸ਼ੌਰਿਆ ਸੈਣੀ ਨੇ ਸ਼ੁੱਕਰਵਾਰ ਨੂੰ ਇੱਥੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਪ੍ਰਤੀਯੋਗਿਤਾ ’ਚ 452.4 ਦੇ ਸਕੋਰ ਨਾਲ ਵਿਸ਼ਵ ਡੈੱਫ ਚੈਂਪੀਅਨਸ਼ਿਪ ਦਾ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਹਾਸਲ ਕੀਤਾ। ਸੈਣੀ ਨੇ ਕੁਆਲੀਫਿਕੇਸ਼ਨ ਦੌਰ ਵਿਚ 580 ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ।
ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਇਹ ਸੈਣੀ ਦਾ ਪ੍ਰਤੀਯੋਗਿਤਾ ਵਿਚ ਦੂਜਾ ਤਮਗਾ ਹੈ। ਹੋਰਨਾਂ ਭਾਰਤੀਆਂ ਵਿਚ ਕੁਸ਼ਾਗਰਾ ਸਿੰਘ ਨੇ ਫਾਈਨਲ ਵਿਚ ਚੌਥਾ ਸਥਾਨ ਹਾਸਲ ਕੀਤਾ। ਚੇਤਨ ਹਨਮੰਤ ਸਪਕਾਲ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਭਾਰਤ ਦੇ ਤਮਗਿਆਂ ਦੀ ਗਿਣਤੀ 17 (5 ਸੋਨ,7 ਚਾਂਦੀ ਤੇ 5 ਕਾਂਸੀ) ਹੋ ਗਈ ਹੈ। ਚੇਤਨ ਨੇ 534 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਉਹ ਯੂਕ੍ਰੇਨ ਦੇ ਸੇਰਹੀ ਓਹੇਰਡਨਿਕ ਤੇ ਓਲੈਕਸਾਂਦ੍ਰ ਕੋਲੋਡੀ ਤੋਂ ਪਿੱਛੇ ਰਿਹਾ, ਜਿਨ੍ਹਾਂ ਨੇ ਕ੍ਰਮਵਾਰ ਸੋਨ ਤੇ ਚਾਂਦੀ ਤਮਗੇ ਜਿੱਤੇ।