ਸ਼ਤਰੰਜ : ਪੰਜਾਬ ਦਾ ਸ਼ੁਭਮ ਸਭ ਤੋਂ ਅੱਗੇ

11/15/2018 2:45:08 AM

ਜਲੰਧਰ (ਨਿਕਲੇਸ਼ ਜੈਨ)- 'ਪੰਜਾਬ ਕੇਸਰੀ' ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਕਰਵਾਈ ਜਾ ਰਹੀ 7ਵੀਂ ਰਾਸ਼ਟਰੀ ਐਮੇਚਿਓਰ ਸ਼ਤਰੰਜ ਚੈਂਪੀਅਨਸ਼ਿਪ ਦੇ 5ਵੇਂ ਦਿਨ ਆਖਰੀ 2 ਰਾਊਂਡਜ਼ ਤੋਂ ਪਹਿਲਾਂ ਪੰਜਾਬ ਦਾ ਸ਼ੁਭਮ ਸ਼ੁਕਲਾ ਚੋਟੀ 'ਤੇ ਆ ਗਿਆ ਹੈ। ਸ਼ੁਭਮ ਨੇ ਸਫੈਦ ਮੋਹਰਿਆਂ ਨਾਲ ਖੇਡਦਿਆਂ 9ਵੇਂ ਰਾਊਂਡ 'ਚ ਮਹਾਰਾਸ਼ਟਰ ਦੇ ਇੰਦਰਜੀਤ ਮਹਿੰਦਰਕਰ ਨੂੰ ਹਰਾਇਆ ਤੇ 7.5 ਅੰਕਾਂ ਨਾਲ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ, ਜਦਕਿ ਦੂਜੇ ਸਥਾਨ 'ਤੇ ਚੱਲ ਰਹੇ ਹਰਿਆਣਾ ਦੇ ਸੋਨੀ ਕ੍ਰਿਸ਼ਨਨ ਨੂੰ ਮੌਜੂਦਾ ਵਿਸ਼ਵ ਐਮੇਚਿਓਰ ਸ਼ਤਰੰਜ ਚੈਂਪੀਅਨ ਪੰਜਾਬ ਦੇ ਅਰਵਿੰਦਪ੍ਰੀਤ ਸਿੰਘ ਨੇ ਹਰਾਉਂਦੇ ਹੋਏ ਲਗਾਤਾਰ ਚੌਥੀ ਜਿੱਤ ਦਰਜ ਕਰਦਿਆਂ ਵਾਪਸੀ ਕੀਤੀ ਅਤੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਗ੍ਹਾ ਬਣਾ ਲਈ। ਤੀਜੇ ਬੋਰਡ 'ਤੇ ਪੰਜਾਬ ਦੇ ਰਾਮ ਪ੍ਰਕਾਸ਼ ਨੇ ਤੇਲੰਗਾਨਾ ਦੇ ਸ਼ਾਨਮੁਖਾ ਪੁੱਲੀ ਨੂੰ ਹਾਰ ਦਾ ਸਵਾਦ ਚਖਾਇਆ ਤਾਂ ਚੌਥੇ ਬੋਰਡ 'ਤੇ ਬੰਗਾਲ ਦੇ ਸਮਰਾਟ ਘੋਰਈ ਨੇ ਬਿਹਾਰ ਦੇ ਮਨੀਸ਼ੀ ਕ੍ਰਿਸ਼ਨਾ ਨੂੰ ਹਰਾਇਆ। 5ਵੇਂ ਬੋਰਡ 'ਤੇ ਮਹਾਰਾਸ਼ਟਰ ਦੇ ਪ੍ਰਦੀਪ ਤਿਵਾੜੀ ਤੇ ਪੰਜਾਬ ਦੇ ਵਿਕਾਸ ਸ਼ਰਮਾ ਨੇ ਅਤੇ ਛੇਵੇਂ ਬੋਰਡ 'ਤੇ ਪੰਜਾਬ ਦੇ ਨਮਿਤਬੀਰ ਵਾਲੀਆ ਤੇ ਤੇਲੰਗਾਨਾ ਦੀ ਸਹਿਜਸ਼੍ਰੀ ਨੇ ਆਪਸ 'ਚ ਅੰਕ ਵੰਡ ਲਏ। 7ਵੇਂ ਬੋਰਡ 'ਤੇ ਜੰਮੂ-ਕਸ਼ਮੀਰ ਦੇ ਸੋਹਮ ਕਮੋਤਰਾ ਨੇ ਦਿੱਲੀ ਦੇ ਹਿਮਾਂਸ਼ੂ ਮੋਦਗਿੱਲ ਨੂੰ ਹਾਰ ਦਾ ਸਵਾਦ ਚਖਾਇਆ। ਇਸ ਤਰ੍ਹਾਂ 9 ਰਾਊਂਡਜ਼ ਤੋਂ ਬਾਅਦ ਪੰਜਾਬ ਦਾ ਸ਼ੁਭਮ ਸ਼ੁਕਲਾ 7.5 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਅਤੇ 7 ਅੰਕਾਂ ਨਾਲ ਪੰਜਾਬ ਦਾ ਅਰਵਿੰਦਪ੍ਰੀਤ, ਰਾਮ ਪ੍ਰਕਾਸ਼, ਬੰਗਾਲ ਦਾ ਸਮਰਾਟ ਘੋਰਈ ਤੇ ਜੰਮੂ-ਕਸ਼ਮੀਰ ਦਾ ਸੋਹਮ ਕਮੋਤਰਾ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ।
 


Related News