ਭਾਰਤੀ ਟੀਮ ਨੂੰ ਅਸ਼ਵਿਨ ਤੇ ਜਡੇਜਾ ਨੂੰ WTC ਫਾਈਨਲ ਲਈ Playing XI ''ਚ ਸ਼ਾਮਲ ਕਰਨਾ ਚਾਹੀਦੈ: ਸ਼ਾਸਤਰੀ

Thursday, May 25, 2023 - 01:40 PM (IST)

ਦੁਬਈ (ਭਾਸ਼ਾ)– ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਭਾਰਤੀ ਟੀਮ ਨੂੰ ਆਸਟਰੇਲੀਆ ਵਿਰੁੱਧ ਅਗਲੇ ਮਹੀਨੇ ਓਵਲ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਵਿਚ ਆਪਣੇ ਮਜ਼ਬੂਤ ਪੱਖ ਦੇ ਨਾਲ ਉਤਰਨਾ ਚਾਹੀਦਾ ਹੈ ਅਤੇ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੋਵਾਂ ਨੂੰ ਪਲੇਇੰਗ-11 ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਸ਼ਾਸਤਰੀ ਦੇ ਕੋਚ ਰਹਿੰਦਿਆਂ ਭਾਰਤੀ ਟੀਮ ਨੇ 2021 ਵਿਚ ਓਵਲ ਵਿਚ ਟੈਸਟ ਮੈਚ ਜਿੱਤਿਆ ਸੀ ਪਰ ਉਸ ਵਿਚ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਉਮੇਸ਼ ਯਾਦਵ ਤੇ ਸ਼ਾਰਦੁਲ ਠਾਕੁਰ ਤੋਂ ਇਲਾਵਾ ਤਤਕਾਲੀਨ ਉਪ ਕਪਤਾਨ ਰੋਹਿਤ ਸ਼ਰਮਾ ਦੀ ਸੈਂਕੜੇ ਵਾਲੀ ਪਾਰੀ ਨੇ ਅਹਿਮ ਭੂਮਿਕਾ ਨਿਭਾਈ ਸੀ।

ਸ਼ਾਸਤਰੀ ਨੇ ਡਬਲਯੂ. ਟੀ. ਸੀ. ਦੇ ਫਾਈਨਲ ਲਈ ਆਪਣੀ ਪਲੇਇੰਗ-11 ਦੀ ਚੋਣ ਕਰਦੇ ਹੋਏ ਕਿਹਾ ਕਿ ਬੁਮਰਾਹ ਦੀ ਗੈਰ-ਹਾਜ਼ਰੀ ਵਿਚ ਭਾਰਤ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ ਤੇ ਅਜਿਹੇ ਵਿਚ ਟੀਮ ਨੂੰ ਇਕ ਹੋਰ ਸਪਿਨਰ ਦੇ ਨਾਲ ਉਤਰਨਾ ਚਾਹੀਦਾ ਹੈ। ਸ਼ਾਸਤਰੀ ਨੇ ਕਿਹਾ,‘‘ਭਾਰਤ ਨੇ ਪਿਛਲੀ ਵਾਰ ਇੰਗਲੈਂਡ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਕਿਉਂਕਿ ਤਦ ਟੀਮ ਵਿਚ ਬੁਮਰਾਹ, ਮੁਹੰਮਦ ਸ਼ੰਮੀ, ਸ਼ਾਰਦੁਲ ਠਾਕੁਰ ਤੇ ਮੁਹੰਮਦ ਸਿਰਾਜ ਸਨ। ਇਸ ਤਰ੍ਹਾਂ ਨਾਲ ਤੁਹਾਡੇ ਕੋਲ ਚਾਰ ਤੇਜ਼ ਗੇਂਦਬਾਜ਼ ਸਨ, ਜਿਨ੍ਹਾਂ ਵਿਚੋਂ ਸ਼ਾਰਦੁਲ ਦੇ ਰੂਪ ਵਿਚ ਆਲਰਾਊਂਡਰ ਸੀ।’’

ਸ਼ਾਸਤਰੀ ਦੇ ਅਨੁਸਾਰ ਖਿਡਾਰੀਆਂ ਨੂੰ ਹਾਲਾਤ ਤੇ ਉਨ੍ਹਾਂ ਦੀ ਮੌਜੂਦਾ ਫਾਰਮ ਨੂੰ ਦੇਖ ਕੇ ਚੁਣਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਜੇਕਰ ਤੁਹਾਡਾ ਤੇਜ਼ ਗੇਂਦਬਾਜ਼ੀ ਹਮਲਾ ਜ਼ਿਆਦਾ ਚੰਗਾ ਨਹੀਂ ਹੈ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਝ ਤੇਜ਼ ਗੇਂਦਬਾਜ਼ ਉਮਰਦ੍ਰਾਜ਼ ਹੋ ਗਏ ਹਨ ਤੇ ਪਹਿਲਾਂ ਦੀ ਤਰ੍ਹਾਂ ਤੇਜ਼ੀ ਨਾਲ ਗੇਂਦਬਾਜ਼ੀ ਨਹੀਂ ਕਰ ਸਕਦੇ ਹਨ ਤਾਂ ਫਿਰ ਤੁਹਾਨੂੰ ਦੋ ਸਪਿਨਰਾਂ ਦੇ ਨਾਲ ਉਤਰਨਾ ਚਾਹੀਦਾ ਹੈ ਕਿਉਂਕਿ ਅਸ਼ਵਿਨ ਤੇ ਜਡੇਜਾ ਦੋਵੇਂ ਸ਼ਾਨਦਾਰ ਸਪਿਨਰ ਹਨ। ਡਬਲਯੂ. ਟੀ. ਸੀ. ਫਾਈਨਲ ਲਈ ਸ਼ਾਸਤਰੀ ਨੇ ਭਾਰਤ ਦੀ ਜਿਹੜੀ ਆਖਰੀ-11 ਚੁਣੀ ਹੈ, ਉਹ ਇਸ ਤਰ੍ਹਾਂ ਹੈ-ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਕੇ. ਐੱਸ. ਭਰਤ (ਵਿਕਟਕੀਪਰ), ਸ਼ਾਰਦੁਲ ਠਾਕੁਰ, ਆਰ. ਅਸ਼ਵਿਨ, ਮੁਹੰਮਦ ਸ਼ੰਮੀ ਤੇ ਮੁਹੰਮਦ ਸਿਰਾਜ।


cherry

Content Editor

Related News