ਸ਼ਾਰਜਾਹ ਮਾਸਟਰਸ ਸ਼ਤਰੰਜ ਟੂਰਨਾਮੈਂਟ : ਪ੍ਰਗਿਆਨੰਦਾ ਦੀ ਲਗਾਤਾਰ ਦੂਜੀ ਜਿੱਤ, ਸਾਂਝੀ ਬੜ੍ਹਤ ’ਤੇ ਪਹੁੰਚਿਆ
Saturday, May 20, 2023 - 04:53 PM (IST)
ਸ਼ਾਰਜਾਹ, (ਨਿਕਲੇਸ਼ ਜੈਨ)–ਸ਼ਤਰੰਜ ਇਤਿਹਾਸ ਦੇ ਸਭ ਤੋਂ ਮਜ਼ਬੂਤ ਓਪਨ ਇੰਟਰੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਦੂਜਾ ਰਾਊਂਡ 39 ਮੁਕਾਬਲਿਆਂ ਵਿਚੋਂ ਸਿਰਫ 10 ਨਤੀਜੇ ਲੈ ਕੇ ਆਇਆ ਜਦਕਿ 29 ਮੁਕਾਬਲੇ ਡਰਾਅ ’ਤੇ ਖਤਮ ਹੋਏ। ਦੂਜੇ ਦਿਨ ਤੋਂ ਬਾਅਦ ਸਿਰਫ ਦੋ ਖਿਡਾਰੀ ਭਾਰਤ ਦੇ ਆਰ. ਪ੍ਰਗਿਆਨੰਦਾ ਤੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜੂ ਵੇਂਜੂਨ ਹੀ ਅਜਿਹੇ ਖਿਡਾਰੀ ਹਨ ਜਿਹੜੇ 2 ਅੰਕਾਂ ’ਤੇ ਖੇਡ ਰਹੇ ਹਨ ਤੇ ਅਗਲੇ ਰਾਊਂਡ ਵਿਚ ਦੋਵਾਂ ਵਿਚਾਲੇ ਮੁਕਾਬਲਾ ਹੋਵੇਗਾ।
ਪ੍ਰਗਿਆਨੰਦਾ ਤੇ ਜੂ ਵਿਚਾਲੇ ਇਸ ਤੋਂ ਪਹਿਲਾਂ 2019 ਵਿਚ ਇਕ ਮੁਕਾਬਲਾ ਹੋਇਆ ਸੀ, ਜਿਸ ਵਿਚ ਉਸ ਸਮੇਂ 13 ਸਾਲਾ ਪ੍ਰਗਿਆਨੰਦਾ ਜਿੱਤਣ ਵਿਚ ਸਫਲ ਰਿਹਾ ਸੀ। ਦੂਜੇ ਰਾਊਂਡ ਵਿਚ ਪ੍ਰਗਿਆਨੰਦਾ ਦਾ ਮੁਕਾਬਲਾ ਹਮਵਤਨ ਰੌਣਕ ਸਾਧਵਾਨੀ ਨਾਲ ਸੀ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਪ੍ਰਗਿਆਨੰਦਾ ਨੇ ਰਾਏ ਲੋਪੇਜ ਐਕਸਚੇਂਜ ਵੈਰੀਏਸ਼ਨ ਵਿਚ ਰੌਣਕ ਦੇ ਰਾਜਾ ਵੱਲ ਦੇ ਹਿੱਸੇ ਵਿਚ ਸ਼ੁਰੂਆਤ ਤੋਂ ਦਬਾਅ ਬਣਾਉਣਾ ਸ਼ੁਰੂਕਰ ਦਿੱਤਾ ਸੀ ਪਰ ਖੇਡ ਦੀ 15ਵੀਂ ਚਾਲ ਵਿਚ ਰੌਣਕ ਆਪਣੇ ਘੋੜੇ ਦੀਆਂ ਕੁਝ ਚਾਲਾਂ ਚੱਲਦੇ ਸਮੇਂ ਉਸਦੇ ਰਾਜਾ ’ਤੇ ਹੋਣ ਵਾਲੇ ਹਮਲੇ ਨੂੰ ਠੀਕ ਤਰ੍ਹਾਂ ਨਾਲ ਨਹੀਂ ਸਮਝ ਸਕਿਆ ਤੇ ਉਸ ਤੋਂ ਬਾਅਦ ਉਸਦਾ ਖਰਾਬ ਊਠ ਤੇ ਰਾਜਾ ਦੀ ਖਰਾਬ ਸਥਿਤੀ 37 ਚਾਲਾਂ ਵਿਚ ਉਸਦੀ ਹਾਰ ਦਾ ਕਾਰਨ ਬਣੀ।
ਉੱਥੇ ਹੀ, ਭਾਰਤ ਦਾ ਧਾਕੜ ਖਿਡਾਰੀ ਵਿਦਿਤ ਗੁਜਰਾਤੀ ਨੂੰ ਚੀਨ ਦੀ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨ ਜੂ ਵੇਂਜੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਵਿਦਿਤ ਸਫੈਦ ਮੋਹਰਿਆਂ ਨਾਲ ਵੈਂਜੂਨ ਵਿਰੁੱਧ ਸਫੈਦ ਮੋਹਰਿਆਂ ਨਾਲ ਕਿੰਗਜ਼ ਪਾਨ ਓਪਨਿੰਗ ਵਿਚ ਐਂਡਗੇਮ ਵਿਚ ਲਗਾਤਾਰ ਗਲਤੀਆਂ ਦੇ ਕਾਰਨ 51 ਚਾਲਾਂ ਵਿਚ ਬਾਜ਼ੀ ਹਾਰ ਗਿਆ।