ਸ਼ੇਨ ਵਾਰਨ ਨੇ ਇੰਗਲੈਂਡ ਦੀ ਟੀਮ ’ਤੇ ਚੁੱਕੇ ਸਵਾਲ, ਕਿਹਾ-ਉਨ੍ਹਾਂ ਵੱਡਾ ਮੌਕਾ ਗੁਆ ਦਿੱਤਾ
Tuesday, Jun 08, 2021 - 05:31 PM (IST)
ਸਪੋਰਟਸ ਡੈਸਕ : ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਲਾਰਡਸ ਦੇ ਮੈਦਾਨ ’ਚ ਖੇਡਿਆ ਗਿਆ। ਇੰਗਲੈਂਡ ਦੀ ਟੀਮ ਨੇ ਇਹ ਮੈਚ ਡਰਾਅ ਕਰਵਾ ਲਿਆ ਪਰ ਆਸਟਰੇਲੀਆ ਦੇ ਸਾਬਕਾ ਸਪਿਨ ਗੇਂਦਬਾਜ਼ ਸ਼ੇਨ ਵਾਰਨ ਨੇ ਇੰਗਲੈਂਡ ਦੀ ਟੀਮ ’ਤੇ ਸਵਾਲ ਚੁੱਕੇ ਹਨ। ਵਾਰਨ ਨੇ ਇੰਗਲੈਂਡ ਦੀ ਆਲੋਚਨਾ ਕਰਦਿਆਂ ਕਿਹਾ ਕਿ ਟੀਮ ਨੇ ਮੈਚ ਜਿੱਤਣ ਬਾਰੇ ਸੋਚਿਆ ਵੀ ਨਹੀਂ ਅਤੇ ਆਪਣੀ ਪਹੁੰਚ ਨੂੰ ਨਕਾਰਾਤਮਕ ਬਣਾਈ ਰੱਖਿਆ।
ਸ਼ੇਨ ਵਾਰਨ ਨੇ ਟਵੀਟ ਕਰਦਿਆਂ ਲਿਖਿਆ ਕਿ ਇੰਗਲੈਂਡ ਦੀ ਟੀਮ ਲਾਰਡਸ ਦੇ ਮੈਦਾਨ ’ਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਮੈਚ ਨੂੰ ਰੋਮਾਂਚਕ ਬਣਾ ਸਕਦੀ ਸੀ ਪਰ ਟੀਮ ਦੇ ਕਪਤਾਨ ਜੋ ਰੂਟ ਨੇ ਅਜਿਹਾ ਨਹੀਂ ਕੀਤਾ ਅਤੇ ਮੈਚ ਡਰਾਅ ਕਰਾਉਣ ਲਈ ਖੇਡਿਆ। ਇਹ ਮੈਚ ਦਿਲਚਸਪ ਹੋ ਸਕਦਾ ਸੀ ਅਤੇ ਦਰਸ਼ਕ ਵੀ ਇਸ ਮੈਚ ਵੱਲ ਆਕਰਸ਼ਿਤ ਹੁੰਦੇ ਪਰ ਉਸ ਨੇ ਅਜਿਹਾ ਨਹੀਂ ਕੀਤਾ।
Disappointed at the negative approach from England y’day as they never even contemplated chasing down a very getable total. A huge opportunity missed on how to chase on the 5th day, plus exciting for spectators, viewers & test cricket ! @robkey612 @nassercricket @MichaelVaughan
— Shane Warne (@ShaneWarne) June 7, 2021
ਸ਼ੇਨ ਵਾਰਨ ਨੇ ਆਪਣੇ ਟਵੀਟ ’ਚ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਇੰਗਲੈਂਡ ਦੀ ਟੀਮ ਨੇ ਮੈਚ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ। ਇੰਗਲੈਂਡ ਦੀ ਟੀਮ ਨੇ ਆਪਣੇ ਹੱਥ ’ਚੋਂ ਇਕ ਵੱਡਾ ਮੌਕਾ ਗੁਆ ਦਿੱਤਾ ਕਿ ਕਿਵੇਂ ਟੈਸਟ ਮੈਚ ਦੇ ਆਖਰੀ ਦਿਨ ਟੀਚੇ ਦਾ ਪਿੱਛਾ ਕੀਤਾ ਜਾਂਦਾ ਹੈ। ਪ੍ਰਸ਼ੰਸਕ ਵੀ ਇਸ ਤੋਂ ਖੁਸ਼ ਹੁੰਦੇ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਾਸਿਰ ਹੁਸੈਨ ਵੀ ਇੰਗਲੈਂਡ ਦੀ ਟੀਮ ਦੀ ਸੋਚ ਨੂੰ ਲੈ ਕੇ ਆਪਣੀ ਰਾਏ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਨੇ ਇੰਗਲੈਂਡ ਦੀ ਆਲੋਚਨਾ ਕਰਦਿਆਂ ਕਿਹਾ ਕਿ ਇੰਗਲੈਂਡ ਨੂੰ ਇਹ ਮੈਚ ਜਿੱਤਣਾ ਚਾਹੀਦਾ ਸੀ ਪਰ ਉਹ ਪਿਛਲੇ 3 ਮੈਚਾਂ ’ਚ ਲਗਾਤਾਰ ਹਾਰ ਗਏ ਹਨ, ਜਿਸ ਕਾਰਨ ਟੀਮ ਨੇ ਜਿੱਤ ਲਈ ਨਹੀਂ ਬਲਕਿ ਡਰਾਅ ਲਈ ਮੈਚ ਖੇਡਿਆ।