ਵਾਰਨ ਨੇ ਖਰਾਬ ਦੌਰ ਨਾਲ ਜੂਝ ਰਹੀ ਆਸਟਰੇਲੀਆਈ ਟੀਮ ਨੂੰ ਕੀਤੀ ਮਦਦ ਦੀ ਪੇਸ਼ਕਸ਼
Friday, Nov 09, 2018 - 01:58 PM (IST)

ਸਿਡਨੀ— ਮਹਾਨ ਸਪਿਨਰ ਸ਼ੇਨ ਵਾਰਨ ਨੇ ਖਰਾਬ ਦੌਰ ਨਾਲ ਜੂਝ ਰਹੀ ਆਸਟੇਰਲੀਆਈ ਕ੍ਰਿਕਟ ਟੀਮ ਦੀ ਮਦਦ ਦੀ ਪੇਸ਼ਕਸ਼ ਕਰਦੇ ਹੋਏ ਕ੍ਰਿਕਟ ਆਸਟਰੇਲੀਆ ਤੋਂ ਹੋਰ ਸਾਬਕਾ ਚੋਟੀ ਦੇ ਖਿਡਾਰੀਆਂ ਦੀਆਂ ਸੇਵਾਵਾਂ ਲੈਣ ਦੀ ਬੇਨਤੀ ਕੀਤੀ ਹੈ। ਮਾਰਚ 'ਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਆਸਟਰੇਲੀਆਈ ਟੀਮ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਕ੍ਰਿਕਟ ਆਸਟਰੇਲੀਆ ਦੇ ਕਈ ਚੋਟੀ ਦੇ ਅਧਿਕਾਰੀਆਂ ਨੇ ਮਾਮਲੇ ਦੀ ਸਮੀਖਿਆ ਰਿਪੋਰਟ ਆਉਣ ਤੋਂ ਬਾਅਦ ਅਸਤੀਫਾ ਦਿੱਤਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਹਰ ਹਾਲਤ 'ਚ ਜਿੱਤਣ ਦੇ ਕ੍ਰਿਕਟ ਆਸਟਰੇਲੀਆ ਦੇ ਰਵੱਈਏ ਕਾਰਨ ਖਿਡਾਰੀ ਧੋਖੇਬਾਜ਼ੀ ਕਰਨ ਦੀ ਹਾਲਤ 'ਚ ਪਹੁੰਚ ਗਏ ਸਨ। ਵਾਰਨ ਨੇ ਕਿਹਾ, ''ਡੋਨਾਲਡ ਟਰੰਪ ਦੇ ਸ਼ਬਦਾਂ 'ਚ ਕਹਾਂ ਤਾਂ ਚਲੋ ਕ੍ਰਿਕਟ ਨੂੰ ਫਿਰ ਮਹਾਨ ਬਣਾਉਂਦੇ ਹਾਂ।'' ਉਨ੍ਹਾਂ ਕਿਹਾ, ''ਕ੍ਰਿਕਟ ਆਸਟਰੇਲੀਆ ਬੁਰੀ ਹਾਲਤ 'ਚ ਹੈ ਅਤੇ ਰਸਤੇ ਤੋਂ ਭਟਕ ਗਿਆ ਹੈ। ਉਸ ਨੂੰ ਸਹੀ ਰਸਤੇ 'ਤੇ ਲਿਆਉਣਾ ਹੋਵੇਗਾ ਅਤੇ ਮੈਂ ਇਸ ਲਈ ਮਦਦ ਕਰਨ ਨੂੰ ਤਿਆਰ ਹਾਂ।'' ਉਨ੍ਹਾਂ ਕਿਹਾ, ''ਬਾਕੀ ਸਾਬਕਾ ਖਿਡਾਰੀ ਵੀ ਅਜਿਹਾ ਹੀ ਸੋਚਦੇ ਹੋਣਗੇ। ਗਲੇਨ ਮੈਕਗ੍ਰਾ ਅਤੇ ਬਾਕੀਆਂ ਤੋਂ ਵੀ ਪੁੱਛਿਆ ਜਾ ਸਕਦਾ ਹੈ।''