ਇੰਗਲੈਂਡ ਦੇ ਇਸ ਖਿਡਾਰੀ ਨੇ ਜੜਿਆ ਤਿਹਰਾ ਸੈਂਕੜਾ, ਕੀਤੀ ਛੱਕੇ-ਚੋਕਿਆਂ ਦੀ ਬਰਸਾਤ

07/05/2017 9:10:25 PM

ਨਵੀਂ ਦਿੱਲੀ— ਇੰਗਲੈਂਡ ਦੇ 25 ਸਾਲਾਂ ਬੱਲੇਬਾਜ਼ ਸ਼ਾਨ ਡਿਕਸਨ ਨੇ ਕਾਊਂਟੀ ਕ੍ਰਿਕਟ ਦੌਰਾਨ ਤਿਹਰਾ ਸੈਂਕੜਾ ਲਗਾ ਕੇ ਰਿਕਾਰਡ ਤੋੜ ਪਾਰੀ ਖੇਡੀ। ਉਸ ਨੇ ਕੈਂਟ ਟੀਮ ਵਲੋਂ ਖੇਡਦੇ ਹੋਏ ਨਾਰਥੰਪਟਨਸ਼ਰ ਖਿਲਾਫ 408 ਗੇਂਦਾਂ ਦਾ ਸਾਹਮਣਾ ਕਰਦੇ ਹੋਏ 318 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ। ਇਸ ਪਾਰੀ ਦੌਰਾਨ ਡਿਕਸਨ ਨੇ 3 ਛੱਕੇ ਅਤੇ 31 ਚੌਕੇ ਲਗਾਏ। ਇਸ ਦੇ ਨਾਲ ਹੀ ਡਿਕਸਨ ਵੱਕਾਰੀ ਕਲੱਬ 'ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ।
ਪੁਰਾਣਾ ਰਿਕਾਰਡ ਤੋੜਨ ਤੋਂ ਖੁੰਝਿਆ ਡਿਕਸਨ
ਡਿਕਸਨ ਸਭ ਤੋਂ ਵੱਡੀ ਪਾਰੀ ਖੇਡਣ 'ਚ ਸਿਰਫ 14 ਦੌੜਾਂ ਪਿੱਛੇ ਰਹਿ ਗਿਆ। ਉਸ ਤੋਂ ਪਹਿਲਾ 1934 'ਚ ਬਿੱਲ ਏਸ਼ਵੁੱਡ ਨੇ 332 ਦੌੜਾਂ ਬਣਾਈਆਂ ਸੀ। ਡਿਕਸਨ ਨੇ 318 ਦੌੜਾਂ ਤੋਂ ਇਲਾਵਾ ਡੇਨਲੀ ਦਾ ਵੀ ਅਹਿਮ ਯੋਗਦਾਨ ਰਿਹਾ। ਡੇਨਲੀ ਨੇ 226 ਗੇਂਦਾਂ 'ਚ 182 ਦੌੜਾਂ ਦੀ ਪਾਰੀ ਖੇਡੀ, ਜਿਸ ਦੌਰਾਨ ਉਸ ਨੇ 5 ਛੱਕੇ ਅਤੇ 15 ਚੌਕੇ ਜੜੇ। ਡਿਕਸਨ ਅਤੇ ਡੇਨਲੀ 'ਚ ਦੂਜੇ ਵਿਕਟ ਲਈ 369 ਦੌੜਾਂ ਦੀ ਵਿਸ਼ਾਲ ਸਾਂਝੇਦਾਰੀ ਹੋਈ, ਜੋ ਇਸ ਕਲੱਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਪਾਟਨਰਸ਼ਿਪ ਬਣ ਗਈ।
ਹੋ ਸਕਦਾ ਹੈ ਇੰਗਲੈਂਡ ਦੀ ਅੰਤਰਾਸ਼ਟਰੀ ਟੀਮ 'ਚ ਪ੍ਰਵੇਸ਼
ਸ਼ਾਨ ਡਿਕਸਨ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਹੁਣ ਤੱਕ 35 ਮੈਚਾਂ 'ਚ 1680 ਦੌੜਾਂ ਬਣਾ ਚੁੱਕਿਆਂ ਹੈ। 318 ਦੌੜਾਂ ਦੀ ਇਸ ਵਿਸ਼ਾਲ ਪਾਰੀ ਤੋਂ ਪਹਿਲਾ ਉਹ ਨਾਬਾਦ 207 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਖੇਡ ਚੁੱਕਿਆ ਹੈ। ਉਸ ਦੇ ਨਾਂ 2 ਸੈਂਕੜੇ ਅਤੇ 10 ਅਰਧਸੈਂਕੜੇ ਦਰਜ ਹਨ। ਇਨ੍ਹੀ ਦਿਨੀਂ ਜਿਸ ਤਰ੍ਹਾਂ ਇੰਗਲੈਂਡ ਕ੍ਰਿਕਟ ਟੀਮ ਨੌਜਵਾਨ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦੇ ਰਹੀ ਹੈ ਤਾਂ ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਡਿਕਸਨ ਵੀ ਜ਼ਲਦ ਅੰਤਰਰਾਸ਼ਟਰੀ ਕ੍ਰਿਕਟ 'ਚ ਖੇਡਦੇ ਨਜ਼ਰ ਆਉਣਗੇ। ਦੱਸ ਦਈਏ ਕਿ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੀ ਬਦੌਲਤ ਕੈਂਟ ਦੀ ਟੀਮ ਨੇ ਇਸ ਮੈਚ 'ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 701 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਦਿੱਤਾ। ਜਵਾਬ 'ਚ ਉਤਰੀ ਨਾਰਥੰਪਟਨਸ਼ਰ ਦੀ ਟੀਮ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ 3 ਵਿਕਟਾਂ 'ਤੇ 242 ਦੌੜਾਂ ਬਣਾ ਲਈਆਂ ਸਨ।  


Related News