ਸ਼ੰਮੀ ਦੀ ਪ੍ਰਤੀਯੋਗੀ ਕ੍ਰਿਕਟ ''ਚ ਵਾਪਸੀ ਟਲੀ, ਕਰਨਾਟਕ ਅਤੇ ਮੱਧ ਪ੍ਰਦੇਸ਼ ਖਿਲਾਫ ਨਹੀਂ ਖੇਡਣਗੇ ਰਣਜੀ

Monday, Nov 04, 2024 - 05:14 PM (IST)

ਸ਼ੰਮੀ ਦੀ ਪ੍ਰਤੀਯੋਗੀ ਕ੍ਰਿਕਟ ''ਚ ਵਾਪਸੀ ਟਲੀ, ਕਰਨਾਟਕ ਅਤੇ ਮੱਧ ਪ੍ਰਦੇਸ਼ ਖਿਲਾਫ ਨਹੀਂ ਖੇਡਣਗੇ ਰਣਜੀ

ਬੈਂਗਲੁਰੂ, (ਭਾਸ਼ਾ) ਮੁਹੰਮਦ ਸ਼ੰਮੀ ਦੀ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ 'ਚ ਦੇਰੀ ਹੋਵੇਗੀ ਕਿਉਂਕਿ ਇਹ ਤਜਰਬੇਕਾਰ ਤੇਜ਼ ਗੇਂਦਬਾਜ਼ ਕਰਨਾਟਕ ਅਤੇ ਮੱਧ ਪ੍ਰਦੇਸ਼ ਖਿਲਾਫ ਅਗਲੇ ਦੋ ਦੌਰ ਰਣਜੀ ਟਰਾਫੀ ਦੇ ਮੁਕਾਬਲਿਆਂ ਲਈ ਬੰਗਾਲ ਦੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਬੰਗਾਲ ਬੁੱਧਵਾਰ ਤੋਂ ਇੱਥੇ ਚਿੰਨਾਸਵਾਮੀ ਸਟੇਡੀਅਮ 'ਚ ਕਰਨਾਟਕ ਨਾਲ ਭਿੜੇਗਾ ਜਦਕਿ ਉਹ 13 ਨਵੰਬਰ ਤੋਂ ਇੰਦੌਰ 'ਚ ਮੱਧ ਪ੍ਰਦੇਸ਼ ਨਾਲ ਖੇਡੇਗਾ। ਸ਼ੰਮੀ ਤੋਂ ਕਰਨਾਟਕ ਦੇ ਖਿਲਾਫ ਮੈਚ 'ਚ ਖੇਡਣ ਦੀ ਉਮੀਦ ਕੀਤੀ ਜਾ ਰਹੀ ਸੀ ਤਾਂ ਕਿ ਉਹ ਅਸਲ ਮੈਚ ਦੇ ਹਾਲਾਤ 'ਚ ਆਪਣੀ ਫਿਟਨੈੱਸ ਦੀ ਪਰਖ ਕਰ ਸਕੇ। 

ਹਾਲ ਹੀ 'ਚ ਇੱਥੇ ਨਿਊਜ਼ੀਲੈਂਡ ਖਿਲਾਫ ਭਾਰਤ ਦੇ ਟੈਸਟ ਮੈਚ ਤੋਂ ਬਾਅਦ ਉਸ ਨੇ ਨੈੱਟ 'ਤੇ ਪੂਰੇ ਜ਼ੋਰ ਨਾਲ ਗੇਂਦਬਾਜ਼ੀ ਕੀਤੀ, ਹਾਲਾਂਕਿ ਇਸ ਦੌਰਾਨ ਉਸ ਦੀ ਲੱਤ 'ਤੇ ਪੱਟੀ ਬੰਨ੍ਹ ਦਿੱਤੀ ਗਈ ਸੀ। ਉਸ ਦੌਰਾਨ ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਉਸ 'ਤੇ ਨਜ਼ਰ ਰੱਖ ਰਹੇ ਸਨ। ਸ਼ੰਮੀ ਨੇ ਬਾਅਦ 'ਚ ਇਕ ਪ੍ਰਮੋਸ਼ਨਲ ਈਵੈਂਟ ਦੌਰਾਨ ਕਿਹਾ ਕਿ ਉਹ ਨੈੱਟ 'ਤੇ 100 ਫੀਸਦੀ ਫਿੱਟ ਮਹਿਸੂਸ ਕਰ ਰਹੇ ਹਨ। ਉਸ ਨੇ ਕਿਹਾ ਸੀ, ''ਮੈਂ ਅੱਧੇ ਰਨ-ਅੱਪ ਨਾਲ ਗੇਂਦਬਾਜ਼ੀ ਕਰ ਰਿਹਾ ਸੀ ਕਿਉਂਕਿ ਮੈਂ ਆਪਣੇ ਸਰੀਰ 'ਤੇ ਜ਼ਿਆਦਾ ਦਬਾਅ ਨਹੀਂ ਪਾ ਸਕਦਾ ਸੀ। ਇਸ ਲਈ ਅਸੀਂ ਫੈਸਲਾ ਕੀਤਾ ਕਿ ਮੈਂ ਸਹੀ ਗੇਂਦਬਾਜ਼ੀ ਕਰਾਂਗਾ ਅਤੇ ਮੈਂ ਆਪਣਾ 100 ਪ੍ਰਤੀਸ਼ਤ ਦਿੱਤਾ ਇਹ ਬਹੁਤ ਵਧੀਆ ਲੱਗਾ ਅਤੇ ਨਤੀਜੇ ਚੰਗੇ ਹਨ। ਉਮੀਦ ਹੈ ਕਿ ਮੈਂ ਜਲਦੀ ਹੀ ਵਾਪਸੀ ਕਰਾਂਗਾ।'' 

ਸ਼ੰਮੀ ਤੋਂ ਇਲਾਵਾ ਬੰਗਾਲ ਨੂੰ ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ, ਵਿਕਟਕੀਪਰ ਬੱਲੇਬਾਜ਼ ਅਭਿਸ਼ੇਕ ਪੋਰੇਲ ਅਤੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੀ ਕਮੀ ਹੋਵੇਗੀ ਜੋ ਆਸਟ੍ਰੇਲੀਆ 'ਚ ਭਾਰਤ ਏ ਟੀਮ ਨਾਲ ਹਨ। ਨਿਊਜ਼ੀਲੈਂਡ ਖਿਲਾਫ ਹਾਲ ਹੀ 'ਚ ਹੋਈ ਸੀਰੀਜ਼ ਲਈ ਭਾਰਤੀ ਟੀਮ ਦਾ ਹਿੱਸਾ ਰਹੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੂੰ ਵੀ ਟੀਮ 'ਚ ਨਹੀਂ ਚੁਣਿਆ ਗਿਆ। ਹਾਲਾਂਕਿ ਮੌਜੂਦਾ ਘਰੇਲੂ ਸੈਸ਼ਨ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਦੋ ਮੈਚਾਂ ਲਈ ਚੁਣਿਆ ਗਿਆ ਹੈ। 

ਟੀਮ ਇਸ ਪ੍ਰਕਾਰ ਹੈ: ਅਨੁਸਤਪ ਮਜੂਮਦਾਰ (ਕਪਤਾਨ), ਰਿਧੀਮਾਨ ਸਾਹਾ, ਸੁਦੀਪ ਚੈਟਰਜੀ, ਸੁਦੀਪ ਘਰਾਮੀ, ਸ਼ਾਹਬਾਜ਼ ਅਹਿਮਦ, ਰਿਤਿਕ ਚੈਟਰਜੀ, ਐਵਲਿਨ ਘੋਸ਼, ਸ਼ੁਵਮ ਡੇ, ਸ਼ਾਕਿਰ ਹਬੀਬ ਗਾਂਧੀ, ਪ੍ਰਦੀਪਤ ਪ੍ਰਮਾਨਿਕ, ਆਮਿਰ ਗਨੀ, ਈਸ਼ਾਨ ਪੋਰੇਲ, ਸੂਰਜ ਸਿੰਧੂ, ਮੁਹੰਮਦ ਕੈਫ, ਰੋਹਿਤ ਕੁਮਾਰ ਅਤੇ ਰਿਸ਼ਵ ਵਿਵੇਕ। 


author

Tarsem Singh

Content Editor

Related News