ਸ਼ਾਕਿਬ ਅਲ ਹਸਨ ਹੋਏ ਕੋਰੋਨਾ ਮੁਕਤ

05/13/2022 4:42:21 PM

ਢਾਕਾ (ਏਜੰਸੀ)- ਸ੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਨੇ ਰਾਹਤ ਦਾ ਸਾਹ ਲਿਆ ਹੈ, ਕਿਉਂਕਿ ਉਨ੍ਹਾਂ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਕੋਰੋਨਾ ਮੁਕਤ ਹੋ ਗਏ ਹਨ। ਮੰਗਲਵਾਰ ਨੂੰ ਸ਼ਾਕਿਬ ਆਰ.ਟੀ.-ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟ ਵਿੱਚ ਪਾਜ਼ੇਟਿਵ ਪਾਏ ਗਏ ਸਨ। ਬੰਗਲਾਦੇਸ਼ ਟੀਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਕਿਬ ਸ਼ੁੱਕਰਵਾਰ ਨੂੰ ਚਟਗਾਂਵ ਪਹੁੰਚਣਗੇ, ਜਿੱਥੇ ਉਹ ਮੈਡੀਕਲ ਅਤੇ ਫਿਟਨੈੱਸ ਟੈਸਟ ਕਰਵਾਉਣਗੇ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕਰਨ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ।

ਸ਼ਾਕਿਬ ਨੇ 11 ਮਈ ਨੂੰ ਟੈਸਟ ਟੀਮ 'ਚ ਸ਼ਾਮਲ ਹੋਣਾ ਸੀ। ਹਾਲਾਂਕਿ, ਕੋਰੋਨਾ ਸੰਕਰਮਿਤ ਹੋਣ ਕਾਰਨ, ਉਨ੍ਹਾਂ ਨੂੰ ਕੁਆਰੰਟੀਨ ਵਿੱਚ ਰਹਿਣਾ ਪਿਆ। ਬੰਗਲਾਦੇਸ਼ ਨੇ ਉਨ੍ਹਾਂ ਦੇ ਬਦਲੇ ਕਿਸੇ ਖਿਡਾਰੀ ਦਾ ਐਲਾਨ ਨਹੀਂ ਕੀਤਾ ਸੀ ਅਤੇ ਸ਼ਾਕਿਬ ਦੀ ਵਾਪਸੀ ਸੱਟ ਤੋਂ ਦੁਖੀ ਟੀਮ ਲਈ ਖੁਸ਼ੀ ਦੀ ਲਹਿਰ ਤੋਂ ਘੱਟ ਨਹੀਂ ਹੈ। ਮੇਹਦੀ ਹਸਨ ਮਿਰਾਜ ਅਤੇ ਤਸਕੀਨ ਅਹਿਮਦ ਕ੍ਰਮਵਾਰ ਉਂਗਲੀ ਅਤੇ ਮੋਢੇ ਦੀ ਸੱਟ ਕਾਰਨ ਪਹਿਲਾਂ ਹੀ ਟੀਮ ਤੋਂ ਬਾਹਰ ਹਨ, ਜਦੋਂਕਿ ਟੀਮ ਲਈ ਚੁਣੇ ਜਾਣ ਦੇ ਬਾਵਜੂਦ ਸ਼ਰੀਫੁਲ ਇਸਲਾਮ ਦੀ ਫਿਟਨੈੱਸ 'ਤੇ ਸ਼ੱਕ ਬਣਿਆ ਹੋਇਆ ਹੈ।

ਜੇਕਰ ਸ਼ਾਕਿਬ ਪਹਿਲੇ ਟੈਸਟ ਲਈ ਫਿੱਟ ਨਹੀਂ ਹੋ ਪਾਉਂਦੇ ਹਨ ਤਾਂ, ਇਹ ਪਿਛਲੇ ਸਾਲ ਦਸੰਬਰ ਤੋਂ ਬਾਅਦ ਪੰਜਵਾਂ ਮੌਕਾ ਹੋਵੇਗਾ ਜਦੋਂ ਉਹ ਕਿਸੇ ਟੈਸਟ ਮੈਚ ਤੋਂ ਬਾਹਰ ਰਹਿਣਗੇ। ਉਹ ਨਿੱਜੀ ਕਾਰਨਾਂ ਕਰਕੇ ਨਿਊਜ਼ੀਲੈਂਡ ਸੀਰੀਜ਼ ਤੋਂ ਬਾਹਰ ਹੋ ਗਏ ਸਨ ਅਤੇ ਪਰਿਵਾਰ ਵਿਚ ਕਿਸੇ ਦੇ ਬੀਮਾਰ ਹੋਣ ਕਾਰਨ ਉਨ੍ਹਾਂ ਨੂੰ ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਹਰ ਹੋਣਾ ਪਿਆ ਸੀ। ਇੱਕ ਸਾਲ ਦੀ ਪਾਬੰਦੀ ਤੋਂ ਬਾਅਦ ਵਾਪਸੀ ਕਰਦੇ ਹੋਏ, ਸ਼ਾਕਿਬ ਨੇ ਬੰਗਲਾਦੇਸ਼ ਵੱਲੋਂ ਖੇਡੇ ਗਏ 11 ਵਿੱਚੋਂ ਸਿਰਫ਼ ਤਿੰਨ ਟੈਸਟ ਮੈਚਾਂ ਵਿੱਚ ਹੀ ਪ੍ਰਦਰਸ਼ਨ ਕੀਤਾ ਹੈ।


cherry

Content Editor

Related News