ਪਾਕਿਸਤਾਨ ਖੁਦ ਨੂੰ ਨਹੀਂ ਸੰਭਾਲ ਸਕਦਾ ਕਸ਼ਮੀਰ ਕੀ ਸੰਭਾਲੇਗਾ: ਅਫਰੀਦੀ
Wednesday, Nov 14, 2018 - 04:39 PM (IST)

ਨਵੀਂ ਦਿੱਲੀ— ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਨੇ ਇਕ ਪ੍ਰੈੱਸ ਕਾਨਫਰੈਂਸ 'ਚ ਕਿਹਾ ਕਿ ਪਾਕਿਸਤਾਨ ਕਸ਼ਮੀਰ ਨਹੀਂ ਸੰਭਾਲ ਸਕਦਾ। ਅਫਰੀਦੀ ਨੇ ਕਸ਼ਮੀਰ ਨੂੰ ਵੱਖਰਾ ਮੁਲਕ ਬਣਾਉਣ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਪ੍ਰੈੱਸ ਕਾਨਫਰੈਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਅਫਰੀਦੀ ਨੇ ਕਿਹਾ, 'ਪਾਕਿਸਤਾਨ ਤੋਂ ਆਪਣੇ ਲੋਕ ਤਾਂ ਸੰਭਾਲੇ ਨਹੀਂ ਜਾ ਰਹੇ, ਉਹ ਕਸ਼ਮੀਰ ਕੀ ਸੰਭਾਲੇਗਾ। ਉਨ੍ਹਾਂ ਕਿਹਾ,' ਕਸ਼ਮੀਰ ਕੋਈ ਇਸ਼ੂ ਨਹੀਂ ਹੈ, ਮੈਂ ਕਹਿੰਦਾ ਹਾਂ ਪਾਕਿਸਤਾਨ ਨੂੰ ਨਹੀਂ ਚਾਹੀਦਾ ਕਸ਼ਮੀਰ.. ਭਾਰਤ ਨੂੰ ਵੀ ਨਾ ਦਿਓ ਕਸ਼ਮੀਰ। ਕਸ਼ਮੀਰ ਵੱਖਰਾ ਮੁਲਕ ਬਣੇ। ਘੱਟੋ ਘੱਟ ਇਨਸਾਨੀਅਤ ਤਾਂ ਜ਼ਿੰਦਾ ਰਹੇ.. ਇਨਸਾਨ ਜੋ ਮਰ ਰਹੇ ਹਨ ਚਾਹੇ ਉਹ ਕਿਸੇ ਵੀ ਮਜ਼ਹਬ ਦੇ ਹੋਣ ਤਕਲੀਫ ਹੁੰਦੀ ਹੈ।'
-ਅੱਤਵਾਦੀਆਂ ਦੇ ਸਪਾਰਟ 'ਚ ਕੀਤਾ ਸੀ ਟਵੀਟ
ਵੈਸੇ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸ਼ਾਹਿਦ ਅਫਰੀਦੀ ਨੇ ਕਸ਼ਮੀਰ 'ਤੇ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਬਿਆਨ ਦੇ ਕੇ ਕਾਫੀ ਵਿਵਾਦ ਝੱਲ ਚੁੱਕੇ ਹਨ। ਉਨ੍ਹਾਂ ਨੇ ਇਸੇ ਸਾਲ ਅਪ੍ਰੈਲ 'ਚ ਟਵੀਟ ਕਰ ਜੰਮੂ-ਕਸ਼ਮੀਰ 'ਚ ਭਾਰਤੀ ਸੈਨਾ ਦੀਆਂ ਅੱਤਵਾਦ ਰੋਕੂ ਮੁਹਿੰਮਾਂ ਤਹਿਤ ਮਾਰੇ ਗਏ 13 ਅੱਤਵਾਦੀਆਂ ਲਈ ਅਫਰੀਦੀ ਨੇ ਹਮਦਰਦੀ ਜਤਾਈ ਸੀ। ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਥਿਤੀ ਬੈਚੇਨ ਕਰਨ ਵਾਲੀ ਹੈ। ਇੱਥੇ ਆਜ਼ਾਦੀ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਮੈਂ ਹੈਰਾਨ ਹਾਂ ਕਿ ਸੰਯੁਕਤ ਰਾਸ਼ਟਰ ਅਤੇ ਬਾਕੀ ਅੰਤਰਰਾਸ਼ਟਰੀ ਸੰਗਠਨ ਕਿੱਥੇ ਹਨ? ਉਹ ਇਸ ਖੂਨੀ ਸੰਘਰਸ਼ ਨੂੰ ਰੋਕਣ ਲਈ ਕੁਝ ਕਿਉਂ ਨਹੀਂ ਕਰ ਰਹੇ? ਇਸ ਟਿੱਪਣੀ 'ਤੇ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਸਮੇਤ ਤਮਾਮ ਨੇਤਾਵਾਂ ਅਤੇ ਸੈਲੀਬ੍ਰਿਟੀਜ਼ ਨੇ ਅਫਰੀਦੀ ਨੂੰ ਨਿਸ਼ਾਨਾ ਬਣਾਇਆ ਸੀ।
-2017 'ਚ ਵੀ ਕੀਤਾ ਸੀ ਟਵੀਟ
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਫਰੀਦੀ ਨੇ ਕਸ਼ਮੀਰ ਦਾ ਮੁੱਦਾ ਉਠਾਇਆ ਹੋਵੇ। ਪਿਛਲੇ ਸਾਲ ਵੀ ਉਨ੍ਹਾਂ ਨੇ ਅਜਿਹਾ ਹੀ ਟਵੀਟ ਕੀਤਾ ਸੀ। ਉਦੋਂ ਅਫਰੀਦੀ ਨੇ ਲਿਖਿਆ ਸੀ,' ਕਸ਼ਮੀਰ ਪਿਛਲੇ ਕਈ ਦਹਾਕਿਆਂ ਤੋਂ ਹੈਵਾਨੀਅਤ ਦਾ ਸ਼ਿਕਾਰ ਹੋ ਰਿਹਾ ਹੈ, ਹੁਣ ਸਮਾਂ ਆ ਗਿਆ ਹੈ ਕਿ ਇਸ ਮੁੱਦੇ ਨੂੰ ਸੁਲਝਾਇਆ ਜਾਵੇ ਜਿਸ ਨੇ ਕਈ ਲੋਕਾਂ ਦੀ ਜਾਨ ਲਈ।' ਦੂਜੇ ਟਵੀਟ 'ਚ ਉਨ੍ਹਾਂ ਨੇ ਲਿਖਿਆ ਸੀ,' ਕਸ਼ਮੀਰ ਧਰਤੀ 'ਤੇ ਸਵਰਗ ਹੈ ਅਤੇ ਅਸੀਂ ਮਾਸੂਮਾਂ ਦੀ ਪੁਕਾਰ ਨੂੰ ਅਣਦੇਖਿਆ ਨਹੀਂ ਕਰ ਸਕਦੇ।'