ਸ਼ਾਹਿਦ ਅਫਰੀਦੀ ਦੀ ਪਾਕਿਸਤਾਨ ਕ੍ਰਿਕਟ ''ਚ ਵਾਪਸੀ, ਮਿਲੀ ਇਹ ਵੱਡੀ ਜ਼ਿੰਮੇਵਾਰੀ

Sunday, Dec 25, 2022 - 01:55 PM (IST)

ਸ਼ਾਹਿਦ ਅਫਰੀਦੀ ਦੀ ਪਾਕਿਸਤਾਨ ਕ੍ਰਿਕਟ ''ਚ ਵਾਪਸੀ, ਮਿਲੀ ਇਹ ਵੱਡੀ ਜ਼ਿੰਮੇਵਾਰੀ

ਸਪੋਰਟਸ ਡੈਸਕ- ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੂੰ ਪਾਕਿਸਤਾਨ ਪੁਰਸ਼ ਰਾਸ਼ਟਰੀ ਟੀਮ ਦਾ ਅੰਤਰਿਮ ਮੁੱਖ ਚੋਣਕਾਰ ਨਿਯੁਕਤ ਕੀਤਾ ਗਿਆ ਹੈ। ਅਫਰੀਦੀ ਚੋਣਕਰਤਾਵਾਂ ਦੀ ਇਕ ਅੰਤਰਿਮ ਕਮੇਟੀ ਦੀ ਅਗਵਾਈ ਕਰੇਗਾ, ਜਿਸ ’ਚ ਸਾਬਕਾ ਖਿਡਾਰੀ ਅਬਦੁੱਲ ਰੱਜਾਕ, ਰਾਵ ਇਫਤਖਾਰ ਅਹਿਮਦ ਅਤੇ ਹਾਰੂਨ ਰਸ਼ੀਦ ਸ਼ਾਮਲ ਹਨ। ਇਹ ਕਮੇਟੀ ਫਿਲਹਾਲ ਨਿਊਜ਼ੀਲੈਂਡ ਖਿਲਾਫ ਘਰੇਲੂ ਸੀਰੀਜ਼ ਲਈ ਟੀਮ ਦੀ ਚੋਣ ਕਰੇਗੀ। 

ਅਫਰੀਦੀ ਅਤੇ ਹਾਰੂਨ ਦੋਵੇਂ ਨਜ਼ਮ ਸੇਠੀ ਦੀ ਪ੍ਰਧਾਨਗੀ ਵਾਲੀ ਕ੍ਰਿਕਟ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਨ, ਜਿਨ੍ਹਾਂ ਨੂੰ ਅਗਲੇ 4 ਮਹੀਨਿਆਂ ਲਈ ਦੇਸ਼ ’ਚ ਇਸ ਖੇਡ ਦੇ ਮਾਮਲਿਆਂ ਨੂੰ ਚਲਾਉਣ ਲਈ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ 14 ਮੈਂਬਰੀ ਕਮੇਟੀ ਨੇ ਸ਼ੁੱਕਰਵਾਰ ਨੂੰ ਮੁਹੰਮਦ ਵਸੀਮ ਨੂੰ ਮੁੱਖ ਚੋਣਕਰਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਵਸੀਮ ਦਸੰਬਰ 2020 ਤੋਂ ਇਸ ਅਹੁਦੇ ’ਤੇ ਸੀ।

ਇਹ ਵੀ ਪੜ੍ਹੋ : IND vs BAN: ਭਾਰਤ ਨੇ ਟੈਸਟ ਸੀਰੀਜ਼ 2-0 ਨਾਲ ਜਿੱਤੀ, ਦੂਜੇ ਮੈਚ 'ਚ 3 ਵਿਕਟਾਂ ਨਾਲ ਦਰਜ ਕੀਤੀ ਜਿੱਤ

ਸੇਠੀ ਨੇ ਕਿਹਾ ਕਿ ਮੈਂ ਪੁਰਸ਼ਾਂ ਦੀ ਅੰਤਰਿਮ ਰਾਸ਼ਟਰੀ ਚੋਣ ਕਮੇਟੀ ਦਾ ਸੁਆਗਤ ਕਰਦਾ ਹਾਂ ਅਤੇ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਮੇਟੀ ਮੌਜੂਦਾ ਹਾਲਾਤ ਦੇ ਬਾਵਜੂਦ ਉਹ ਦਲੇਰਾਨਾ ਫੈਸਲੇ ਲਵੇਗੀ, ਜੋ ਅਸੀਂ ਨਿਊਜ਼ੀਲੈਂਡ ਖਿਲਾਫ ਸੀਰੀਜ਼ ’ਚ ਇਕ ਮਜ਼ਬੂਤ ਅਤੇ ਮੁਕਾਬਲੇ ਵਾਲੀ ਟੀਮ ਬਣਾਉਣ ’ਚ ਮਦਦ ਕਰੇਗੀ। ਸ਼ਾਹਿਦ ਅਫਰੀਦੀ ਇਕ ਹਮਲਾਵਰ ਕ੍ਰਿਕਟਰ ਰਿਹਾ ਹੈ, ਜਿਸ ਨੇ ਆਪਣੇ ਕਰੀਅਰ ’ਚ ਬੇਖੌਫ ਕ੍ਰਿਕਟ ਖੇਡੀ ਹੈ। ਉਸ ਕੋਲ ਲਗਭਗ 20 ਸਾਲ ਦਾ ਕ੍ਰਿਕਟ ਦਾ ਤਜ਼ੁਰਬਾ ਹੈ। ਉਸ ਨੇ ਸਾਰੇ ਫਾਰਮੈਟਸ ’ਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਨੇ ਹਮੇਸ਼ਾ ਨੌਜਵਾਨ ਖਿਡਾਰੀਆਂ ਦਾ ਸਮਰਥਨ ਅਤੇ ਮਾਰਗਦਰਸ਼ਨ ਕੀਤਾ ਹੈ।

ਅਫਰੀਦੀ ਨੇ 1996 ਤੋਂ 2018 ਤੱਕ 27 ਟੈਸਟ, 398 ਵਨ ਡੇ ਅਤੇ 99 ਟੀ-20 ਮੈਚ ਖੇਡੇ, ਜਿਨ੍ਹਾਂ ’ਚ ਕੁੱਲ 11,196 ਦੌੜਾਂ ਬਣਾਈਆਂ ਅਤੇ 541 ਵਿਕਟਾਂ ਲਈਆਂ। ਉਸ ਨੇ 83 ਅੰਤਰਰਾਸ਼ਟਰੀ ਮੈਚਾਂ ’ਚ ਰਾਸ਼ਟਰੀ ਟੀਮ ਦੀ ਕਪਤਾਨੀ ਵੀ ਕੀਤੀ। ਅਫਰੀਦੀ ਦੇ ਸਾਥੀ ਅਬਦੁੱਲ ਰੱਜਾਕ ਨੇ 17 ਸਾਲ ਦੇ ਕਰੀਅਰ ’ਚ 343 ਅੰਤਰਾਰਸ਼ਟਰੀ ਮੈਚ ਖੇਡ ਕੇ 7,419 ਦੌੜਾਂ ਬਣਾਈਆਂ ਅਤੇ 389 ਵਿਕਟਾਂ ਲਈਆਂ। ਅਫਰੀਦੀ ਅਤੇ ਅਬਦੁੱਲ ਰੱਜਾਕ ਟੀ-20 ਵਿਸ਼ਵ ਕੱਪ 2009 ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਹਿੱਸਾ ਸੀ। ਰਾਓ ਇਫਤਖਾਰ ਨੇ ਇਕ ਟੈਸਟ, 62 ਵਨ ਡੇ ਅਤੇ 2 ਟੀ-20 ਮੈਚਾਂ ’ਚ ਪਾਕਿਸਤਾਨ ਦੀ ਅਗਵਾਈ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News